ਮੇਰਠ: ਉੱਤਰ ਪ੍ਰਦੇਸ਼ ਦੇ ਸ਼ਹਿਰ ਮੇਰਠ ਦੇ ਥਾਣੇ ਨੌਂਚੰਡੀ ਵਿੱਚ ਤਾਇਨਾਤ ਆਈਪੀਐਸ ਅਧਿਕਾਰੀ ਖ਼ਿਲਾਫ਼ ਉਨ੍ਹਾਂ ਦੀ ਪਤਨੀ ਨੇ 5 ਕਰੋੜ ਰੁਪਏ ਦੇ ਦਾਜ ਲਈ ਉਸ ਦੀ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਮੁਕੱਦਮਾ ਦਰਜ ਕੀਤਾ ਹੈ। ਪੀੜਤਾ ਨੇ ਆਪਣੇ ਪਤੀ 'ਤੇ ਹੋਰ ਔਰਤਾਂ ਨਾਲ ਸਬੰਧ ਰੱਖਣ ਦਾ ਦੋਸ਼ ਵੀ ਲਾਇਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਦੱਸਿਆ ਗਿਆ ਸੀ ਕਿ 27 ਨਵੰਬਰ, 2015 ਨੂੰ ਸ਼ਾਸਤਰੀ ਨਗਰ ਵਾਸੀ ਚਰਨਦਾਸ ਸਿੰਘ ਦੀ ਧੀ ਨਮਰਤਾ ਦਾ ਵਿਆਹ ਸੁਭਾਸ਼ ਨਗਰ ਵਿੱਚ ਰਹਿਣ ਵਾਲੇ ਅਮਿਤ ਨਿਗਮ ਦੇ ਪੁੱਤਰ ਗੰਗਾਚਰਨ ਨਿਗਮ ਨਾਲ ਹੋਇਆ ਸੀ। ਅਮਿਤ 2015 ਬੈਚ ਦੇ ਆਈਪੀਐਸ ਅਫ਼ਸਰ ਹਨ ਤੇ ਮੌਜੂਦਾ ਦਿੱਲੀ ਸਥਿਤ ਪੀਏਸੀ ਵਿੱਚ ਵਧੀਕ ਕਮਾਂਡੈਂਟ ਹਨ। ਨਮਰਤਾ ਮੁਤਾਬਕ ਵਿਆਹ ਤੋਂ ਬਾਅਦ ਤੋਂ ਹੀ ਦਾਜ ਨੂੰ ਲੈ ਕੇ ਸਹੁਰਾ ਪਰਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਗਿਆ ਸੀ।

ਪੀੜਤਾ ਨੇ ਇਲਜ਼ਾਮ ਲਾਏ ਹਨ ਕਿ 5 ਕਰੋੜ ਦੇ ਦਾਜ ਦੀ ਮੰਗ ਸਬੰਧੀ ਉਸ ਦਾ ਪਤੀ ਉਸ ਨੂੰ ਬੁਰੀ ਤਰ੍ਹਾਂ ਕੁੱਟਦਾ ਸੀ। 30 ਅਪਰੈਲ ਨੂੰ ਅਮਿਤ ਨੇ ਨਮਰਤਾ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਨਾਲ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਉਸ ਨੂੰ ਕਮਰੇ ਵਿੱਚ ਬੰਦ ਕਰਕੇ ਅਮਿਤ ਉੱਥੋਂ ਚਲਾ ਗਿਆ।

ਜਦੋਂ ਨਮਰਤਾ ਨੂੰ ਹੋਸ਼ ਆਇਆ ਤਾਂ ਉਹ ਆਪਣੀ ਇੱਕ ਸਹੇਲੀ ਕੋਲ ਗਈ ਤੇ ਸਾਰਾ ਕੁਝ ਦੱਸਿਆ। ਮਗਰੋਂ ਨਮਰਤਾ ਨੇ ਪਤੀ ਤੇ ਸੱਸ-ਸੁਹਰੇ ਖ਼ਿਲਾਫ਼ ਥਾਣੇ ਜਾ ਕੇ ਸ਼ਿਕਾਇਤ ਕੀਤੀ। ਪੁਲਿਸ ਨੇ ਦੱਸਿਆ ਕਿ 17 ਮਈ ਨੂੰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।