ਨਵੀਂ ਦਿੱਲੀ: ਕੋਰੋਨਾ ਦੀ ਲਾਗ ਜਿਸ ਤੇਜ਼ੀ ਨਾਲ ਆਪਣਾ ਭਿਆਨਕ ਰੂਪ ਵਿਖਾ ਰਹੀ ਹੈ, ਅਜਿਹੇ ਸੰਕਟ ਦੀ ਘੜੀ ’ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਜੋ ਸਲਾਹ ਦਿੱਤੀ ਹੈ, ਉਹ ਅਹਿਮ ਹੋਣ ਦੇ ਨਾਲ ਹੀ ਦੇਸ਼ ਹਿੱਤ ਵਿੱਚ ਵੀ ਹੈ। ਇਸੇ ਲਈ ਨਰਿੰਦਰ ਮੋਦੀ ਨੂੰ ਪਾਰਟੀਆਂ ਦੀ ਰਾਜਨੀਤੀ ਤੋਂ ਉਤਾਂਹ ਉੱਠ ਕੇ ਤੁਰੰਤ ਇਨ੍ਹਾਂ ਸੁਝਾਵਾਂ ਉੱਤੇ ਅਮਲ ਕਰ ਕੇ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੀਦਾ ਹੈ ਕਿ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਸਰਕਾਰ ਤੇ ਵਿਰੋਧੀ ਧਿਰ ਇੱਕਜੁਟ ਹੈ।


ਡਾ. ਮਨਮੋਹਨ ਸਿੰਘ ਆਪਣੀ ਚਿੱਠੀ ’ਚ ਇੱਕ ਅਹਿਮ ਪੱਖ ਵੱਲ ਇਸ਼ਾਰਾ ਕੀਤਾ ਹੈ। ਉਸ ਉੱਤੇ ਮੋਦੀ ਸਰਕਾਰ ਜੇ ਤੁਰੰਤ ਅਮਲ ਲਿਆਉਂਦੀ ਹੈ, ਤੇ ਗ਼ੈਰ ਭਾਜਪਾ ਹਕੂਮਤ ਵਾਲੇ ਰਾਜਾਂ ਦੀਆਂ ਸਰਕਾਰਾਂ ਵੈਕਸੀਨ ਜਾਂ ਆਕਸੀਜਨ ਘੱਟ ਮਿਲਣ ਦੀ ਜੋ ਸ਼ਿਕਾਇਤ ਕਰ ਰਹੀਆਂ ਹਨ, ਉਸ ਨੂੰ ਲੈ ਕੇ ਨਾ ਸਿਰਫ਼ ਸਾਰੀ ਤਸਵੀਰ ਸਾਫ਼ ਹੋਵੇਗੀ, ਸਗੋਂ ਕੇਂਦਰ ਆਪਣੇ ਇਸ ਦਾਗ਼ ਨੂੰ ਵੀ ਧੋ ਸਕੇਗਾ ਕਿ ਉਹ ਰਾਜਾਂ ਨੂੰ ਵੈਕਸੀਨ ਦੇਣ ’ਚ ਕੋਈ ਭੇਦਭਾਵ ਕਰ ਰਿਹਾ ਹੈ।


ਡਾ. ਮਨਮੋਹਨ ਸਿੰਘ ਨੇ ਲਿਖਿਆ ਹੈ ਕੇਂਦਰ ਸਰਕਾਰ ਨੂੰ ਅਗਲੇ ਛੇ ਮਹੀਨਿਆਂ ਲਈ ਕੋਰੋਨਾ ਵੈਕਸੀਨ ਦੇ ਆਰਡਰ ਤੇ ਡਿਲੀਵਰੀ ਦੇ ਵੇਰਵੇ ਜੱਗ-ਜ਼ਾਹਿਰ ਕਰ ਦੇਣੇ ਚਾਹੀਦੇ ਹਨ ਤੇ ਨਾਲ ਹੀ ਸਰਕਾਰ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਕੋਰੋਨਾ ਵੈਕਸੀਨ ਦੀ ਸਪਲਾਈ ਰਾਜਾਂ ਨੂੰ ਕਿਵੇਂ ਕੀਤੀ ਜਾਵੇਗੀ।


ਮਹਾਰਾਸ਼ਟਰ, ਛੱਤੀਸਗੜ੍ਹ, ਰਾਜਸਥਾਨ ਤੇ ਪੱਛਮੀ ਬੰਗਾਲ ਜਿਹੀਆਂ ਵਿਰੋਧੀ ਪਾਰਟੀਆਂ ਦੀਆਂ ਰਾਜ ਸਰਕਾਰਾਂ ਦੇ ਨਾਲ ਹੀ ਭਾਜਪਾ ਦੀ ਹਕੂਮਤ ਵਾਲੇ ਰਾਜ ਵੀ ਵੈਕਸੀਨ ਦੀ ਘਾਟ ਦਾ ਰੋਣਾ ਰੋ ਰਹੇ ਹਨ। ਅਜਿਹੇ ਹਾਲਾਤ ਵਿੱਚ ਡਾ. ਮਨਮੋਹਨ ਸਿੰਘ ਦੀ ਇਹ ਸਲਾਹ ਇਸ ਲਈ ਵੀ ਅਰਥਪੂਰਨ ਹੈ ਕਿ ਇਸ ਨਾਲ ਟੀਕੇ ਦੀ ਮੰਗ ਤੇ ਸਪਲਾਈ ਦੇ ਤਾਲਮੇਲ ਵਿੱਚ ਜੋ ਘਾਟ ਹੈ, ਉਹ ਤਾਂ ਦੂਰ ਹੋਵੇਗੀ ਹੀ, ਇਸ ਦੇ ਨਾਲ ਹੀ ਹਰੇਕ ਰਾਜ ਨੂੰ ਵੀ ਇਹ ਪਤਾ ਚੱਲ ਜਾਵੇਗਾ ਕਿ ਉਸ ਨੂੰ ਕਦੋਂ ਕਿੰਨੀ ਮਾਤਰਾ ’ਚ ਵੈਕਸੀਨ ਮਿਲੇਗੀ।


ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਕਈ ਰਾਜਾਂ ਵਿੱਚ ਟੀਕਾ ਲਗਵਾਉਣ ਲਈ ਫ਼ਿਲਹਾਲ ਜੋ ਸਿਆਸੀ ਹੰਗਾਮਾ ਮਚਿਆ ਹੋਇਆ ਹੈ, ਉਹ ਕਾਫ਼ੀ ਹੱਦ ਤੱਕ ਦੂਰ ਹੋਵੇਗਾ। ਲੋਕਾਂ ਦੇ ਮਨਾਂ ’ਚ ਬੈਠਿਆ ਇਹ ਡਰ ਵੀ ਖ਼ਤਮ ਹੋਵੇਗਾ ਕਿ ਆਉਣ ਵਾਲੇ ਦਿਨਾਂ ’ਚ ਵੈਕਸੀਨ ਖ਼ਤਮ ਹੋ ਜਾਵੇਗੀ ਤੇ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਤੋਂ ਉੱਚੀਆਂ ਕੀਮਤਾਂ ਦੇ ਕੇ ਇਸ ਨੂੰ ਲਵਾਉਣਾ ਪਵੇਗਾ।


ਡਾ. ਮਨਮੋਹਨ ਸਿੰਘ ਦੇ ਇੱਕ ਹੋਰ ਸੁਝਾਅ ਉੱਤੇ ਵੀ ਮੋਦੀ ਸਰਕਾਰ ਨੂੰ ਗੰਭੀਰਤਾ ਨਾਲ ਗ਼ੌਰ ਕਰਨਾ ਚਾਹੀਦਾ ਹੈ। ਉਨ੍ਹਾਂ ਆਪਣੀ ਚਿੱਠੀ ਵਿੱਚ ਕਿਹਾ ਹੈ ਕਿ ਕਿੰਨੇ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ ਇਹ ਵੇਖਣ ਦੀ ਥਾਂ ਆਬਾਦੀ ਦੇ ਕਿੰਨੇ ਫ਼ੀਸਦੀ ਹਿੱਸੇ ਦਾ ਟੀਕਾਕਰਣ ਕੀਤਾ ਜਾ ਰਿਹਾ ਹੈ, ਇਹ ਵੇਖਿਆ ਜਾਣਾ ਚਾਹੀਦਾ ਹੈ। ਇੰਝ ਕੋਵਿਡ ਟੀਕਾਕਰਨ ਮੁਹਿੰਮ ਵਿੱਚ ਤੇਜ਼ੀ ਲਿਆ ਕੇ ਕੋਰੋਨਾ ਮਹਾਮਾਰੀ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ।


 


ਉਨ੍ਹਾਂ ਇੱਕ ਹੋਰ ਅਹਿਮ ਤੱਥ ਵੱਲ ਧਿਆਨ ਦਿਵਾਇਆ ਹੈ ਕਿ ਭਾਰਤ ’ਚ ਆਬਾਦੀ ਦੇ ਬਹੁਤ ਛੋਟੇ ਹਿੱਸੇ ਨੂੰ ਹੀ ਹਾਲੇ ਤੱਕ ਟੀਕਾ ਮਿਲ ਸਕਿਆ ਹੈ। ਮਹਾਮਾਰੀ ਨਾਲ ਲੜਨ ਲਈ ਸਾਨੂੰ ਕਈ ਕਦਮ ਚੁੱਕਣੇ ਚਾਹੀਦੇ ਹਨ।