ਰੋਹਤਕ: ਬਲਾਤਕਾਰ ਤੇ ਕਤਲ ਦੇ ਦੋਸ਼ਾਂ ਵਿੱਚ ਸਜ਼ਾਯਾਫ਼ਤਾ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਡਾਕ ਵਿਭਾਗ ਨੂੰ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਡਾਕ ਵਿਭਾਗ ਨੂੰ ਇਹ ਪ੍ਰੇਸ਼ਾਨੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਨਾਂਅ 'ਤੇ ਆ ਰਹੀ ਚਿੱਠੀਆਂ ਤੇ ਰੱਖੜੀਆਂ ਕਾਰਨ ਪੈਦਾ ਹੋਈ ਹੈ।

ਗੁਰਮੀਤ ਰਾਮ ਰਹੀਮ ਲਈ ਰੱਖੜੀਆਂ ਤੇ ਉਸ ਦੇ ਜਨਮਦਿਨ ਦੇ ਵਧਾਈ ਸੰਦੇਸ਼ ਵਾਲੀਆਂ ਚਿੱਠੀਆਂ ਹਜ਼ਾਰਾਂ ਦੀ ਗਿਣਤੀ 'ਚ ਪਹੁੰਚ ਰਹੀਆਂ ਹਨ। ਇਸ ਕਾਰਨ ਜੇਲ੍ਹ ਪ੍ਰਸ਼ਾਸਨ ਦੇ ਨਾਲ-ਨਾਲ ਡਾਕ ਵਿਭਾਗ ਦੇ ਮੁਲਾਜ਼ਮਾਂ ਦੀ ਵੀ ਮੁਸੀਬਤ ਵੱਧ ਗਈ ਹੈ। ਡਾਕਘਰ 'ਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਡਾਕ ਪਹੁੰਚ ਰਹੀ ਹੈ ਜਿਸ ਨੂੰ ਜੇਲ੍ਹ ਭੇਜਿਆ ਜਾਂਦਾ ਹੈ। ਜ਼ਿਆਦਾ ਵਰਕਲੋਡ ਕਾਰਨ ਮੁਲਾਜ਼ਮ ਓਵਰ ਟਾਈਮ ਕਰ ਰਹੇ ਹਨ।



ਜ਼ਿਕਰਯੋਗ ਹੈ ਕਿ ਕਿ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ 'ਚ ਦੋ ਸਾਧਵੀਆਂ ਨਾਲ ਜਬਰਜਨਾਹ ਦੇ ਮਾਮਲੇ 'ਚ 20 ਸਾਲ ਦੀ ਕੈਦ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। 15 ਅਗਸਤ ਨੂੰ ਰਾਮ ਰਹੀਮ ਦਾ ਜਨਮ ਦਿਨ ਹੈ ਤੇ ਇਸੇ ਦਿਨ ਰੱਖੜੀ ਦਾ ਤਿਉਹਾਰ ਵੀ ਹੈ। ਡੇਰਾ ਮੁਖੀ ਦੇ ਨਾਂ 'ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਰੱਖੜੀਆਂ ਤੇ ਜਨਮਦਿਨ ਦੇ ਵਧਾਈ ਸੰਦੇਸ਼ ਵਾਲੀ ਚਿੱਠੀਆਂ ਸੁਨਾਰੀਆ ਦੇ ਪੁਲਿਸ ਟ੍ਰੇਨਿੰਗ ਸੈਂਟਰ ਸਥਿਤ ਉਪ ਡਾਕਘਰ 'ਚ ਪਹੁੰਚ ਰਹੀਆਂ ਹਨ।

ਡਾਕ ਵਿਭਾਗ ਮੁਤਾਬਿਕ ਹਰਿਆਣਾ, ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਸਮੇਤ ਹੋਰਨਾਂ ਸੂਬਿਆਂ ਤੋਂ ਸਪੀਡ ਪੋਸਟ, ਰਜਿਸਟ੍ਰੀ ਤੇ ਸਾਧਾਰਨ ਡਾਕ ਰਾਹੀਂ ਲੱਖਾਂ ਦੀ ਗਿਣਤੀ 'ਚ ਡੇਰਾ ਪ੍ਰੇਮੀਆਂ ਨੇ ਗ੍ਰੀਟਿੰਗ ਕਾਰਡ ਭੇਜੇ ਹਨ। ਸਾਦੇ ਕਾਗਜ਼ 'ਤੇ ਲਿਖੇ ਸੰਦੇਸ਼ ਦੇ ਨਾਲ-ਨਾਲ ਮਹਿੰਗੇ ਗ੍ਰੀਟਿੰਗ ਕਾਰਡ ਵੀ ਗੁਰਮੀਤ ਦੇ ਨਾਂਅ ਭੇਜੇ ਜਾ ਰਹੇ ਹਨ।