ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ (ਡੀਯੂ) ਦੀ ਵਿਦਿਆਰਥੀ ਜਥੇਬੰਦੀ ਚੋਣਾਂ 'ਚ ਕਾਂਗਰਸ ਦੀ ਜਥੇਬੰਦੀ ਐਨਐਸਯੂਆਈ ਨੇ ਵੱਡੀ ਜਿੱਤ ਹਾਸਲ ਕਰ ਲਈ ਹੈ। ਐਨਐਸਯੂਆਈ ਨੇ ਚਾਰ ਸਾਲ ਬਾਅਦ ਪ੍ਰਧਾਨਗੀ ਦੇ ਅਹੁਦੇ 'ਤੇ ਕਬਜ਼ਾ ਕਰ ਲਿਆ ਹੈ। ਇਸ ਦੇ ਨਾਲ ਹੀ ਐਨਐਸਯੂਆਈ ਨੂੰ ਉਪ ਪ੍ਰਧਾਨਗੀ ਦੀ ਸੀਟ ਵੀ ਮਿਲ ਗਈ ਹੈ।
ਸੈਕਰੇਟਰੀ ਤੇ ਜੁਆਇੰਟ ਸੈਕਰੇਟਰੀ ਦਾ ਅਹੁਦਾ ਆਰਐਸਐਸ ਦੇ ਸਟੂਡੈਂਟ ਵਿੰਗ ਏਬੀਵੀਪੀ ਨੇ ਜਿੱਤੀ ਹੈ। ਪਿਛਲੇ ਸਾਲ ਚੋਣਾਂ 'ਚ ਐਨਐਸਯੂਆਈ ਇਨ੍ਹਾਂ ਚਾਰ ਸੀਟਾਂ ਵਿੱਚੋਂ ਸਿਰਫ ਜੁਆਇੰਟ ਸੈਕਰੇਟਰੀ ਦੀ ਪੋਸਟ ਹੀ ਜਿੱਤ ਸਕੀ ਸੀ। ਮੰਗਲਵਾਰ ਨੂੰ ਦਿੱਲੀ ਯੂਨੀਵਰਸਿਟੀ 'ਚ ਵੋਟਾਂ ਪਈਆਂ ਸਨ।
ਰੌਕੀ ਨੇ ਏਬੀਵੀਪੀ ਦੇ ਰਜਤ ਚੌਧਰੀ ਨੂੰ ਹਰਾਇਆ
ਪਿਛਲੇ ਚਾਰ ਸਾਲ ਤੋਂ ਪ੍ਰਧਾਨਗੀ 'ਤੇ ਏਬੀਵੀਪੀ ਦਾ ਕਬਜ਼ਾ ਸੀ। ਪ੍ਰਧਾਨਗੀ 'ਤੇ ਇਸ ਵਾਰ ਐਨਐਸਯੂਆਈ ਦੇ ਉਮੀਦਵਾਰ ਰੌਕੀ ਤੂਸੀਦ ਨੇ ਜਿੱਤ ਹਾਸਲ ਕੀਤੀ ਹੈ। ਰੌਕੀ ਨੇ ਏਬੀਵੀਪੀ ਦੇ ਰਜਤ ਚੌਧਰੀ ਨੂੰ ਹਰਾਇਆ ਹੈ। ਉਪ ਪ੍ਰਧਾਨ ਦੇ ਅਹੁਦੇ 'ਤੇ ਐਨਐਸਯੂਆਈ ਦੇ ਕੁਨਾਲ ਸ਼ਹਿਰਾਵਤ ਨੇ ਏਬੀਵੀਪੀ ਦੇ ਪਾਰਥ ਰਾਣਾ ਨੂੰ ਹਰਾਇਆ।
ਏਬੀਵੀਪੀ ਵੱਲੋਂ ਸੈਕਰੇਟਰੀ ਅਹੁਦੇ 'ਤੇ ਮਹਾਮੇਧਾ ਨਾਗਰ ਤੇ ਜੁਆਇੰਟ ਸੈਕਰੇਟਰੀ 'ਤੇ ਉਮਾ ਸ਼ੰਕਰ ਨੇ ਜਿੱਤ ਹਾਸਲ ਕੀਤੀ। ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਦੀ ਜਿੱਤ 'ਤੇ ਕਾਂਗਰਸ ਦੇ ਵੱਡੇ ਲੀਡਰ ਸੰਜੈ ਨਿਰੁਪਮ ਨੇ ਬੀਜੇਪੀ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਟਵੀਟ ਕੀਤਾ ਕਿ ਬੋਲ ਕੀ ਲਬ ਆਜ਼ਾਦ ਹੈਂ ਤੇਰੇ! ਐਨਐਸਯੂਆਈ ਦੀ ਸ਼ਾਨਦਾਰ ਜਿੱਤ 'ਤੇ ਵਧਾਈ।