ਵਿਦੇਸ਼ੀ ਚੰਦਾ ਨਹੀਂ ਲੈ ਸਕਦੀਆਂ ਸਿਆਸੀ ਪਾਰਟੀਆਂ ਪਰ ਆਪ ਨੂੰ ਕਈ ਦੇਸ਼ਾਂ ਤੋਂ ਹੋਈ ਫੰਡਿੰਗ, ਈਡੀ ਨੇ ਗ੍ਰਹਿ ਮੰਤਰਾਲੇ ਨੂੰ ਭੇਜੀ ਰਿਪੋਰਟ
ਆਮ ਆਦਮੀ ਪਾਰਟੀ ਨੂੰ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਊਦੀ ਅਰਬ, ਯੂਏਈ, ਕੁਵੈਤ, ਓਮਾਨ ਅਤੇ ਹੋਰ ਕਈ ਦੇਸ਼ਾਂ ਤੋਂ ਫੰਡ ਪ੍ਰਾਪਤ ਹੋਏ ਹਨ। ਜ਼ਿਕਰਯੋਗ ਹੈ ਕਿ ਸਿਆਸੀ ਪਾਰਟੀਆਂ ਵਿਦੇਸ਼ੀ ਚੰਦਾ ਨਹੀਂ ਲੈ ਸਕਦੀਆਂ।
ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਚਾਰਜਸ਼ੀਟ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਇਸ ਚਾਰਜਸ਼ੀਟ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂਅ ਵੀ ਸ਼ਾਮਲ ਹੈ। ਇਸ ਦੌਰਾਨ 'ਆਪ' ਅਤੇ ਸੀਐਮ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ, ਈਡੀ ਨੇ ਅਗਸਤ 2022 ਵਿੱਚ ਗ੍ਰਹਿ ਮੰਤਰਾਲੇ ਨੂੰ ਦੱਸਿਆ ਸੀ ਕਿ ਆਮ ਆਦਮੀ ਪਾਰਟੀ ਨੂੰ ਸਾਲ 2014 ਤੋਂ 2022 ਦੌਰਾਨ ਐਫਸੀਆਰਏ, ਆਰਪੀਏ ਦੀ ਉਲੰਘਣਾ ਕਰਕੇ ਵਿਦੇਸ਼ਾਂ ਤੋਂ ਫੰਡ ਪ੍ਰਾਪਤ ਹੋਏ ਸਨ। ਜ਼ਿਕਰਯੋਗ ਹੈ ਕਿ ਸਿਆਸੀ ਪਾਰਟੀਆਂ ਵਿਦੇਸ਼ੀ ਚੰਦਾ ਨਹੀਂ ਲੈ ਸਕਦੀਆਂ।
ਆਮ ਆਦਮੀ ਪਾਰਟੀ ਨੂੰ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਊਦੀ ਅਰਬ, ਯੂਏਈ, ਕੁਵੈਤ, ਓਮਾਨ ਅਤੇ ਹੋਰ ਕਈ ਦੇਸ਼ਾਂ ਤੋਂ ਫੰਡ ਪ੍ਰਾਪਤ ਹੋਏ ਹਨ। ਈਡੀ ਨੇ ਗ੍ਰਹਿ ਮੰਤਰਾਲੇ ਨੂੰ ਕਿਹਾ ਕਿ ਰਾਜਨੀਤਿਕ ਪਾਰਟੀਆਂ ਨੂੰ ਵਿਦੇਸ਼ੀ ਚੰਦੇ 'ਤੇ ਲਾਈਆਂ ਪਾਬੰਦੀਆਂ ਤੋਂ ਬਚਣ ਲਈ ਆਮ ਆਦਮੀ ਪਾਰਟੀ ਨੇ ਆਪਣੇ ਖਾਤੇ 'ਚ ਚੰਦਾ ਦੇਣ ਵਾਲਿਆਂ ਦੀ ਪਛਾਣ ਛੁਪਾ ਦਿੱਤੀ। ਇਹ ਵਿਦੇਸ਼ੀ ਫੰਡਿੰਗ ਸਿੱਧੇ ਆਮ ਆਦਮੀ ਪਾਰਟੀ ਦੇ IDBI ਬੈਂਕ ਵਿੱਚ ਖੋਲ੍ਹੇ ਗਏ ਖਾਤੇ ਵਿੱਚ ਆਈ।
ਈਡੀ ਮੁਤਾਬਕ ਆਮ ਆਦਮੀ ਪਾਰਟੀ ਦੇ ਉਨ੍ਹਾਂ ਆਗੂਆਂ ਵਿੱਚ ਵਿਧਾਇਕ ਦੁਰਗੇਸ਼ ਪਾਠਕ ਦਾ ਨਾਂਅ ਵੀ ਸ਼ਾਮਲ ਹੈ, ਜਿਨ੍ਹਾਂ ਨੇ ਇਹ ਵਿਦੇਸ਼ੀ ਫੰਡ ਆਪਣੇ ਨਿੱਜੀ ਖਾਤੇ ਵਿੱਚ ਟਰਾਂਸਫਰ ਕੀਤਾ ਸੀ। ਵਿਦੇਸ਼ਾਂ ਤੋਂ ਫੰਡ ਭੇਜਣ ਵਾਲੇ ਵੱਖ-ਵੱਖ ਲੋਕਾਂ ਨੇ ਇੱਕੋ ਪਾਸਪੋਰਟ ਨੰਬਰ, ਕ੍ਰੈਡਿਟ ਕਾਰਡ, ਈਮੇਲ ਆਈਡੀ, ਮੋਬਾਈਲ ਨੰਬਰ ਦੀ ਵਰਤੋਂ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐਫਸੀਆਰਏ) ਅਤੇ ਲੋਕ ਪ੍ਰਤੀਨਿਧਤਾ ਐਕਟ (ਆਰਪੀਏ) ਦੇ ਤਹਿਤ ਰਾਜਨੀਤਿਕ ਪਾਰਟੀਆਂ ਲਈ ਵਿਦੇਸ਼ੀ ਫੰਡ ਲੈਣ 'ਤੇ ਪਾਬੰਦੀ ਹੈ ਅਤੇ ਇਹ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
ਕੈਨੇਡਾ ਵਿੱਚ ਇਵੈਂਟ ਰਾਹੀਂ ਇਕੱਠੀ ਕੀਤੀ ਫੰਡਿੰਗ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੀ ਜਾਂਚ 'ਚ ਪਾਇਆ ਕਿ ਸਾਲ 2016 'ਚ ਆਮ ਆਦਮੀ ਪਾਰਟੀ ਦੇ ਨੇਤਾ ਦੁਰਗੇਸ਼ ਪਾਠਕ ਨੇ ਕੈਨੇਡਾ 'ਚ ਆਯੋਜਿਤ ਇਕ ਸਮਾਗਮ ਰਾਹੀਂ ਫੰਡ ਇਕੱਠਾ ਕੀਤਾ ਅਤੇ ਇਸ ਪੈਸੇ ਦੀ ਵਰਤੋਂ ਆਪਣੇ ਨਿੱਜੀ ਫਾਇਦੇ ਲਈ ਕੀਤੀ।
ਕਿਵੇੰ ਹੋਇਆ ਖ਼ੁਲਾਸਾ ?
ਦਰਅਸਲ, ਇਹ ਸਾਰੇ ਖੁਲਾਸੇ ਫਾਜ਼ਿਲਕਾ 'ਚ ਦਰਜ ਹੋਏ ਇੱਕ ਤਸਕਰੀ ਦੇ ਮਾਮਲੇ ਦੌਰਾਨ ਹੋਏ ਹਨ। ਇਸ ਮਾਮਲੇ ਵਿੱਚ ਏਜੰਸੀਆਂ ਪਾਕਿਸਤਾਨ ਤੋਂ ਭਾਰਤ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਡਰੱਗ ਕਾਰਟੇਲ 'ਤੇ ਕੰਮ ਕਰ ਰਹੀਆਂ ਸਨ। ਇਸ ਮਾਮਲੇ ਵਿੱਚ ਫਾਜ਼ਿਲਕਾ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਦੇ ਭੋਲਾਨਾਥ ਤੋਂ ‘ਆਪ’ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮੁਲਜ਼ਮ ਬਣਾ ਕੇ ਸੰਮਨ ਜਾਰੀ ਕੀਤਾ ਸੀ।
ਈਡੀ ਨੇ ਜਦੋਂ ਜਾਂਚ ਦੌਰਾਨ ਖਹਿਰਾ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਤਲਾਸ਼ੀ ਮੁਹਿੰਮ ਚਲਾਈ ਤਾਂ ਖਹਿਰਾ ਅਤੇ ਉਨ੍ਹਾਂ ਦੇ ਸਾਥੀਆਂ ਦੇ ਘਰੋਂ ਕਈ ਸ਼ੱਕੀ ਦਸਤਾਵੇਜ਼ ਮਿਲੇ ਸਨ, ਜਿਨ੍ਹਾਂ 'ਚ ਆਮ ਆਦਮੀ ਪਾਰਟੀ ਨੂੰ ਵਿਦੇਸ਼ੀ ਫੰਡਿੰਗ ਦੀ ਪੂਰੀ ਜਾਣਕਾਰੀ ਸੀ। ਬਰਾਮਦ ਕੀਤੇ ਗਏ ਦਸਤਾਵੇਜ਼ਾਂ ਵਿੱਚ 4 ਕਿਸਮ ਦੇ ਲਿਖਤੀ ਕਾਗਜ਼ ਅਤੇ 8 ਹੱਥ ਲਿਖਤ ਡਾਇਰੀ ਦੇ ਪੰਨੇ ਸਨ, ਜਿਨ੍ਹਾਂ ਵਿੱਚ ਅਮਰੀਕੀ ਚੰਦੇ ਬਾਰੇ ਪੂਰੀ ਜਾਣਕਾਰੀ ਸੀ।
ਇਨ੍ਹਾਂ ਕਾਗਜ਼ਾਂ ਦੀ ਜਾਂਚ ਦੌਰਾਨ ਈਡੀ ਨੂੰ ਅਮਰੀਕਾ ਤੋਂ ਆਮ ਆਦਮੀ ਪਾਰਟੀ ਨੂੰ 1 ਲੱਖ 19 ਹਜ਼ਾਰ ਡਾਲਰ ਦੀ ਫੰਡਿੰਗ ਬਾਰੇ ਪਤਾ ਲੱਗਾ। ਖਹਿਰਾ ਨੇ ਆਪਣੇ ਬਿਆਨ 'ਚ ਇਹ ਵੀ ਦੱਸਿਆ ਸੀ ਕਿ ਪੰਜਾਬ 'ਚ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਅਮਰੀਕਾ 'ਚ ਫੰਡ ਰੇਜ਼ਿੰਗ ਮੁਹਿੰਮ ਚਲਾ ਕੇ ਫੰਡ ਇਕੱਠਾ ਕੀਤਾ ਸੀ।
ਇਸ ਮਾਮਲੇ ਵਿੱਚ ਈਡੀ ਨੇ ਆਮ ਆਦਮੀ ਪਾਰਟੀ ਦੇ ਕੌਮੀ ਸਕੱਤਰ ਪੰਕਜ ਗੁਪਤਾ ਨੂੰ ਸੰਮਨ ਕੀਤਾ ਸੀ, ਜਿਨ੍ਹਾਂ ਨੇ ਕਬੂਲ ਕੀਤਾ ਸੀ ਕਿ ਆਮ ਆਦਮੀ ਪਾਰਟੀ ਚੈੱਕਾਂ ਅਤੇ ਆਨਲਾਈਨ ਪੋਰਟਲ ਰਾਹੀਂ ਵਿਦੇਸ਼ੀ ਫੰਡਿੰਗ ਲੈ ਰਹੀ ਹੈ। ਪੰਕਜ ਗੁਪਤਾ ਨੇ ਈਡੀ ਨੂੰ ਜੋ ਡੇਟਾ ਮੁਹੱਈਆ ਕਰਵਾਇਆ ਸੀ, ਉਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਦੇਸ਼ੀ ਚੰਦਾ ਲੈਣ ਵਿੱਚ ਐਫਸੀਆਰਏ ਦੀ ਉਲੰਘਣਾ ਕੀਤੀ ਗਈ ਸੀ।
ਉਸ ਦੌਰਾਨ ਈਡੀ ਨੂੰ ਪਤਾ ਲੱਗਾ ਸੀ ਕਿ ਵਿਦੇਸ਼ ਬੈਠੇ 155 ਲੋਕਾਂ ਨੇ 55 ਪਾਸਪੋਰਟ ਨੰਬਰਾਂ ਦੀ ਵਰਤੋਂ ਕਰਕੇ 404 ਵਾਰ 1.02 ਕਰੋੜ ਰੁਪਏ ਦਾਨ ਕੀਤੇ ਹਨ। 71 ਦਾਨੀ ਸੱਜਣਾਂ ਨੇ 21 ਮੋਬਾਈਲ ਨੰਬਰਾਂ ਦੀ ਵਰਤੋਂ ਕਰਕੇ 256 ਵਾਰ ਕੁੱਲ 9990870 ਰੁਪਏ ਦਾਨ ਕੀਤੇ। 75 ਦਾਨੀਆਂ ਨੇ 15 ਕ੍ਰੈਡਿਟ ਕਾਰਡਾਂ ਰਾਹੀਂ 148 ਵਾਰ 19,92,123 ਰੁਪਏ ਦਾਨ ਕੀਤੇ। ਜਿਸ ਤੋਂ ਸਪੱਸ਼ਟ ਹੈ ਕਿ ਦਾਨ ਦੇਣ ਵਾਲੇ ਦੀ ਪਛਾਣ ਅਤੇ ਕੌਮੀਅਤ ਛੁਪਾਈ ਗਈ ਸੀ, ਜੋ ਕਿ ਐਫਸੀਆਰਏ ਦੀ ਉਲੰਘਣਾ ਹੈ।
ਜਾਂਚ ਦੌਰਾਨ ਈਡੀ ਨੂੰ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਓਵਰਸੀਜ਼ ਇੰਡੀਆ ਦਾ ਗਠਨ ਆਮ ਆਦਮੀ ਪਾਰਟੀ ਨੇ ਕੀਤਾ ਸੀ। ਆਮ ਆਦਮੀ ਪਾਰਟੀ ਓਵਰਸੀਜ਼ ਇੰਡੀਆ ਨੂੰ ਵੱਖ-ਵੱਖ ਦੇਸ਼ਾਂ ਜਿਵੇਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਿਚ ਵਲੰਟੀਅਰਾਂ ਦੁਆਰਾ ਚਲਾਇਆ ਗਿਆ ਸੀ। ਜਿਨ੍ਹਾਂ ਦਾ ਕੰਮ ਆਮ ਆਦਮੀ ਪਾਰਟੀ ਲਈ ਫੰਡ ਇਕੱਠਾ ਕਰਨਾ ਸੀ। ਇਹ ਵੀ ਖੁਲਾਸਾ ਹੋਇਆ ਕਿ ਸਾਲ 2016 ਵਿੱਚ ਇਨ੍ਹਾਂ ਵਲੰਟੀਅਰਾਂ ਨੂੰ 50 ਕਰੋੜ ਰੁਪਏ ਦਾ ਚੰਦਾ ਇਕੱਠਾ ਕਰਨ ਦਾ ਟੀਚਾ ਦਿੱਤਾ ਗਿਆ ਸੀ।
ਕੈਨੇਡੀਅਨ ਨਾਗਰਿਕਾਂ ਦੇ 19 ਮੋਬਾਈਲ ਨੰਬਰਾਂ ਅਤੇ ਈਮੇਲ ਆਈਡੀ ਦੀ ਵਰਤੋਂ ਕਰਕੇ 51 ਲੱਖ 15 ਹਜ਼ਾਰ 44 ਰੁਪਏ ਦੀ ਫੰਡਿੰਗ ਪ੍ਰਾਪਤ ਕੀਤੀ ਗਈ। ਈਡੀ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਇਨ੍ਹਾਂ ਕੈਨੇਡੀਅਨ ਨਾਗਰਿਕਾਂ ਦੇ ਨਾਂ ਅਤੇ ਨਾਗਰਿਕਤਾ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜੋ ਕਿ ਰਿਕਾਰਡ ਵਿੱਚ ਦਰਜ ਨਹੀਂ ਸਨ