ਫਤਿਹਾਬਾਦ: ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪਿਛਲੇ ਤਿੰਨ ਹਫ਼ਤੇ ਤੋਂ ਦਿੱਲੀ ਦੀਆਂ ਹੱਦਾਂ ਤੇ ਬੈਠੇ ਹੋਏ ਹਨ। ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਤੇ ਠੰਢ ਵੀ ਪੂਰਾ ਜ਼ੋਰ ਫੜ੍ਹਦੀ ਜਾ ਰਹੀ ਹੈ। ਇਸ ਕੜਾਕੇ ਦੀ ਠੰਢ 'ਚ ਕਿਸਾਨ ਨੂੰ ਬਚਾਉਣ ਲਈ ਟਰਾਲੀਆਂ 'ਚ ਲੱਕੜਾਂ, ਬਾਲਣ ਤੇ ਪਾਥੀਆਂ ਭਰ ਕੇ ਦਿੱਲੀ ਬਾਰਡਰ ਤੇ ਭੇਜੀਆਂ ਜਾ ਰਹੀਆਂ ਹਨ। ਫਤਿਹਾਬਾਦ ਦੇ ਨਾਲ ਲੱਗਦੇ ਪਿੰਡ ਗੋਰਖਪੁਰ ਤੋਂ ਕਿਸਾਨ ਦਿੱਲੀ ਵੱਲ ਨੂੰ ਇਹ ਸਾਮਾਨ ਲੈ ਕੇ ਰਵਾਨਾ ਹੋਏ।


ਕਿਸਾਨਾਂ ਨੇ ਦੱਸਿਆ ਕਿ ਪਿੰਡਾਂ ਦੀਆਂ ਔਰਤਾਂ ਨੇ ਘਰ 'ਚ ਇਸਤਮਾਲ ਹੋਣ ਵਾਲੀਆਂ ਪਾਥੀਆਂ ਕਿਸਾਨਾਂ ਲਈ ਦਿੱਤੀਆਂ ਹਨ। ਨੌਜਵਾਨਾਂ ਨੇ ਲਕੜਾਂ ਅਤੇ ਬਾਲਣ ਇੱਕਠਾ ਕਰਕੇ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਨੂੰਨ ਵਾਪਿਸ ਨਹੀਂ ਲੈਂਦੀ ਉਦੋਂ ਤੱਕ ਉਹ ਕਿਸਾਨਾਂ ਦੀ ਮਦਦ ਲਈ ਸਮਾਨ ਭੇਜਦੇ ਰਹਿਣਗੇ।

ਦੱਸ ਦੇਈਏ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਵੱਡੀ ਗਿਣਤੀ 'ਚ ਦਿੱਲੀ ਦੀਆਂ ਸਰਹੱਦਾਂ ਤੇ ਡੇਰਾ ਲਾਈ ਬੈਠੇ ਹਨ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਸਿਰੇ ਤੋਂ ਰੱਦ ਕਰ ਦੇਵੇ। ਜਦਕਿ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਬਿਲਕੁੱਲ ਵੀ ਤਿਆਰ ਨਹੀਂ ਹੈ। ਤਿੰਨ ਹਫ਼ਤੇ ਤੋਂ ਕਿਸਾਨ ਦਿੱਲੀ ਦੇ ਵੱਖ-ਵੱਕ ਬਾਡਰਾਂ ਤੇ ਧਰਨਾ ਦੇ ਰਹੇ ਹਨ।