ਨਵੀਂ ਦਿੱਲੀ: ਦੇਸ਼ ਦੇ ਵੱਡੇ ਸੂਬਿਆਂ ਵਿੱਚ ਕਾਂਗਰਸ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ। ਇਸ ਨੂੰ ਪਾਰਟੀ ਆਪਣੇ ਪ੍ਰਧਾਨ ਰਾਹੁਲ ਗਾਂਧੀ ਦਾ ‘ਪ੍ਰਚੰਡ ਆਰੰਭ’ ਦੱਸ ਰਹੀ ਹੈ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਰਾਹੁਲ ਗਾਂਧੀ ਦਾ ਸਿੱਕਾ ਚੱਲਿਆ ਤੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ 16 ਸੂਬਿਆਂ ਵਿੱਚ ਹਾਰਨ ਬਾਅਦ ਹੁਣ ਉਹ ਜਿੱਤ ਦੇ ਰਾਹ ਨਿਕਲੇ ਹਨ। ਛੱਤੀਸਗੜ੍ਹ ਤੇ ਰਾਜਸਥਾਨ ਦੇ ਬਾਅਦ ਹੁਣ ਮੱਧ ਪ੍ਰਦੇਸ਼ ਵਿੱਚ ਵੀ ਕਾਂਗਰਸ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ।
ਜਿੱਤ ਪਿੱਛੋਂ ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਕਿਹਾ ਕਿ 2019 ਵਿੱਚ ਵੀ ਉਹ ਇਸੇ ਤਰ੍ਹਾਂ ਬੀਜੇਪੀ ਨੂੰ ਮਾਤ ਦੇਣਗੇ। ਉਨ੍ਹਾਂ ਕਿਹਾ ਕਿ ਉਹ ਜਿੱਤ ਤਾਂ ਚਾਹੁੰਦੇ ਹਨ ਪਰ ਕਿਸੇ ਨੂੰ ਮਿਟਾਉਣਾ ਨਹੀਂ ਚਾਹੁੰਦੇ। ਯਾਦ ਰਹੇ ਕਿ ਬੀਜੇਪੀ ਨੇ ਕਾਂਗਰਸ ਮੁਕਤ ਭਾਰਤ ਦਾ ਨਾਅਰਾ ਦਿੱਤਾ ਸੀ। ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਸਭ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ ਤੇ ਰਾਜਸਥਾਨ ਵਿੱਚ ਮੁੱਖ ਮੰਤਰੀ ਦੀ ਰੇਸ ਵਿੱਚ ਲੱਗੇ ਲੀਡਰਾਂ ਨੂੰ ਸਮਝਾਇਆ ਸੀ ਕਿ ਮੁੱਖ ਮੰਤਰੀ ਕੁਰਸੀ ਦਾ ਫੈਸਲਾ ਨਤੀਜੇ ਆਉਣ ਤੋਂ ਬਾਅਦ ਹੋਏਗਾ ਪਰ ਚੋਣਾਂ ਤੋਂ ਪਹਿਲਾਂ ਕਿਸੇ ਤਰ੍ਹਾਂ ਦਾ ਵਿਵਾਦ ਜਿੱਤ ਦੇ ਰਾਹ ਵਿੱਚ ਰੋੜਾ ਬਣ ਸਕਦਾ ਹੈ।
ਬੀਜੇਪੀ ਨੇ ਲੀਡਰਾਂ ਵਿਚਾਲੇ ਮੁੱਖ ਮੰਤਰੀ ਦੀ ਕੁਰਸੀ ਦੇ ਵਿਵਾਦ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਦੋਵਾਂ ਸੂਬਿਆਂ ਦੇ ਲੀਡਰ ਹੱਥਾਂ ਵਿੱਚ ਹੱਥ ਫੜ੍ਹੀ ਇਕੱਠੇ ਦਿਖਦੇ ਰਹੇ। ਰਾਹੁਲ ਗਾਂਧੀ ਨੇ ਲੀਡਰਾਂ ਨੂੰ ਤਾਂ ਸਮਝਾਇਆ ਪਰ ਲੀਡਰਾਂ ਦੇ ਸਮਰਥਕਾਂ ਨੂੰ ਸਮਝਾਉਣਾ ਵੀ ਉਨ੍ਹਾਂ ਸਾਹਮਣੇ ਵੱਡੀ ਚੁਣੌਤੀ ਸੀ। ਰਾਹੁਲ ਨੇ ਇਸ ਚੁਣੌਤੀ ਨੂੰ ਵੀ ਕਬੂਲ ਕੀਤਾ। ਹੁਣ ਜਿੱਤ ਦੇ ਬਾਅਦ ਰਾਹੁਲ ਗਾਂਧੀ ਨੇ ਆਪਣੇ ਵਰਕਰਾਂ ਨੂੰ ‘ਬੱਬਰ ਸ਼ੇਰ’ ਕਰਾਰ ਦਿੱਤਾ।
ਰਾਹੁਲ ਗਾਂਧੀ ਦੀ ਜ਼ਮੀਨੀ ਮਿਹਨਤ
ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਬੀਜੇਪੀ ਤੋਂ ਵੱਧ ਮਿਹਨਤ ਕੀਤੀ। ਮੱਧ ਪ੍ਰਦੇਸ਼ ਵਿੱਚ ਰਾਹੁਲ ਨੇ 27 ਰੈਲੀਆਂ ਕੀਤੀਆਂ ਜਿਨ੍ਹਾਂ ਦਾ ਅਸਰ 99 ਸੀਟਾਂ ’ਤੇ ਸੀ। ਰਾਜਸਥਾਨ ਵਿੱਚ ਰਾਹੁਲ ਨੇ 22 ਰੈਲੀਆਂ ਕੀਤੀਆਂ ਜਿਨ੍ਹਾਂ ਦਾ ਪ੍ਰਭਾਵ 100 ਸੀਟਾਂ ’ਤੇ ਰਿਹਾ। ਇੱਥੇ ਕਾਂਗਰਸ ਨੇ 48 ਸੀਟਾਂ ਜਿੱਤੀਆਂ।
ਮੰਦਰਾਂ ਦੇ ਚੱਕਰ
ਇਸ ਤੋਂ ਇਲਾਵਾ ਰਾਹੁਲ ਨੇ ਬੀਜੇਪੀ ਦੇ ਗੜ੍ਹ ਵਿੱਚ ਉਸ ਨੂੰ ਮਾਤ ਦੇਣ ਵਾਲੀ ਰਣਨੀਤੀ ਘੜੀ। ਚੋਣਾਂ ਦੀ ਸ਼ੁਰੂਆਤ ਤੋਂ ਪਹਿਲਾਂ ਰਾਹੁਲ ਮੰਦਰਾਂ ਵਿੱਚ ਦਰਸ਼ਨ ਕਰਨ ਲਈ ਜਾਣ ਲੱਗੇ। ਘੱਟ ਗਿਣਤੀ ਦੀ ਪਾਰਟੀ ਹੋਣ ਦਾ ਠੱਪਾ ਮਿਟਾਉਣ ਲਈ ਰਾਹੁਲ ਨੇ ਮੰਦਰਾਂ ਦੇ ਚੱਕਰ ਲਾਏ। ਬੀਜੇਪੀ ਨੇ ਰੱਜ ਕੇ ਮਜ਼ਾਕ ਉਡਾਇਆ ਪਰ ਰਾਹੁਲ ਨੇ ਹਿੰਦੂਤਵ ਦਾ ਸਾਥ ਨਹੀਂ ਛੱਡਿਆ।
ਮੱਧ ਪ੍ਰਦੇਸ਼ ਵਿੱਚ ਰਾਹੁਲ ਗਾਂਧੀ ਨੇ ਪੰਜ ਮੰਦਰਾਂ ਵਿੱਚ ਜਾ ਕੇ 28 ਸੀਟਾਂ ਕਵਰ ਕੀਤੀਆਂ। ਰਾਜਸਥਾਨ ਵਿੱਚ ਤਿੰਨ ਮੰਦਰਾਂ ਦੇ ਦਰਵਾਜ਼ੇ ਪਹੁੰਚੇ ਜਿਨ੍ਹਾਂ ਦਾ ਅਸਰ 28 ਸੀਟਾਂ ’ਤੇ ਦਿੱਸਿਆ। ਇੱਥੇ ਕਾਂਗਰਸ ਨੂੰ 12 ਸੀਟਾਂ ਮਿਲੀਆਂ।
ਰਾਹੁਲ ਨੇ ਦਿਖਾਈ ਨਿਮਰਤਾ
ਚੋਣ ਪ੍ਰਚਾਰ ਦੌਰਾਨ ਬੀਜੇਪੀ ਨੇ ਲਗਾਤਾਰ ਰਾਹੁਲ ਗਾਂਧੀ ਨੂੰ ਨਿਸ਼ਾਨੇ ’ਤੇ ਲਿਆ। ਰਾਹੁਲ ਦੇ ਅਧੂਰੇ ਭਾਸ਼ਣਾਂ ਦੀਆਂ ਕਈ ਵੀਡੀਓ ਵਾਇਰਲ ਹੋਈਆਂ ਪਰ ਰਾਹੁਲ ਡੋਲੇ ਨਹੀਂ। ਉਨ੍ਹਾਂ ਲੋਕਾਂ ਸਾਹਮਣੇ ਨਿਮਰਤਾ ਦਿਖਾਈ। ਇਹੀ ਵਜ੍ਹਾ ਹੈ ਕਿ ਜਿੱਤ ਦੇ ਬਾਅਦ ਵੀ ਉਹ ਬੀਜੇਪੀ ਦੀਆਂ ਪੁਰਾਣੀਆਂ ਸਰਕਾਰਾਂ ਦੇ ਕੰਮ ਗਿਣਾਉਂਦੇ ਰਹੇ।