ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
Police Encounter in Pilibhit: ਯੂਪੀ ਦੇ ਪੀਲੀਭੀਤ ਵਿੱਚ ਇੱਕ ਮੁਕਾਬਲੇ ਵਿੱਚ 3 ਨੌਜਵਾਨ ਮਾਰੇ ਗਏ। ਐਸਟੀਐਫ ਅਤੇ ਪੰਜਾਬ ਪੁਲਿਸ ਨੇ ਸੋਮਵਾਰ ਤੜਕੇ ਇਹ ਕਾਰਵਾਈ ਕੀਤੀ।
Police Encounter in Pilibhit: ਪੁਲਿਸ ਨੇ ਯੂਪੀ ਦੇ ਪੀਲੀਭੀਤ ਵਿੱਚ 3 ਖਾਲਿਸਤਾਨੀਆਂ ਦਾ ਐਨਕਾਉਂਟਰ ਕਰਨ ਦਾ ਦਾਅਵਾ ਕੀਤਾ ਹੈ। ਪੀਲੀਭੀਤ ਪੁਲਿਸ ਤੇ ਪੰਜਾਬ ਪੁਲਿਸ ਨੇ ਸੋਮਵਾਰ ਤੜਕੇ ਇਹ ਕਾਰਵਾਈ ਕੀਤੀ ਹੈ। ਮਾਰੇ ਗਏ ਤਿੰਨੇ ਵਿਅਕਤੀ ਖਾਲਿਸਤਾਨ ਕਮਾਂਡੋ ਫੋਰਸ ਦੇ ਮੈਂਬਰ ਦੱਸੇ ਗਏ ਹਨ। ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਨੇ ਹੀ 19 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਪੁਲਿਸ ਚੌਕੀ 'ਤੇ ਗ੍ਰਨੇਡ ਹਮਲਾ ਕੀਤਾ ਸੀ।
ਮਾਰੇ ਗਏ ਖਾਲਿਸਤਾਨੀਆਂ ਕੋਲੋਂ 2 ਏਕੇ-47 ਰਾਈਫਲਾਂ, 2 ਗਲੌਕ ਪਿਸਤੌਲ ਤੇ ਵੱਡੀ ਮਾਤਰਾ 'ਚ ਕਾਰਤੂਸ ਬਰਾਮਦ ਹੋਏ ਹਨ। ਮਾਰੇ ਗਏ ਖਾਲਿਸਤਾਨੀਆਂ ਵਿੱਚ ਗੁਰਦਾਸਪੁਰ ਨਿਵਾਸੀ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਉਰਫ ਰਵੀ ਤੇ ਜਸਪ੍ਰੀਤ ਸਿੰਘ ਉਰਫ ਪ੍ਰਤਾਪ ਸਿੰਘ ਹਨ। ਇਹ ਮੁਕਾਬਲਾ ਪੀਲੀਭੀਤ ਦੇ ਪੂਰਨਪੁਰ ਕੋਤਵਾਲੀ ਇਲਾਕੇ 'ਚ ਹੋਇਆ। ਗੋਲੀ ਲੱਗਣ ਤੋਂ ਬਾਅਦ ਤਿੰਨੋਂ ਜ਼ਖਮੀਆਂ ਨੂੰ ਪੂਰਨਪੁਰ ਸੀਐਚਸੀ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੀਲੀਭੀਤ ਦੇ ਐਸਪੀ ਅਵਿਨਾਸ਼ ਪਾਂਡੇ ਨੇ ਦੱਸਿਆ ਸੋਮਵਾਰ ਸਵੇਰੇ ਪੰਜਾਬ ਦੀ ਗੁਰਦਾਸਪੁਰ ਪੁਲਿਸ ਦੀ ਟੀਮ ਪੂਰਨਪੁਰ ਥਾਣੇ ਪਹੁੰਚੀ ਸੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਖਾਲਿਸਤਾਨੀਆਂ ਨੇ ਗੁਰਦਾਸਪੁਰ 'ਚ ਬਖਸ਼ੀਵਾਲ ਪੁਲਿਸ ਚੌਕੀ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ। ਉਨ੍ਹਾਂ ਦੇ ਪੂਰਨਪੁਰ ਇਲਾਕੇ ਵਿੱਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਮਗਰੋਂ ਤੁਰੰਤ ਪੂਰੇ ਜ਼ਿਲ੍ਹੇ ਵਿੱਚ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕਰ ਦਿੱਤੀ ਗਈ।
ਇਸ ਦੌਰਾਨ ਖਬਰੀਆ ਪੁਆਇੰਟ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਇੱਕ ਬਾਈਕ 'ਤੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ ਹੈ। ਉਨ੍ਹਾਂ ਕੋਲ ਕੁਝ ਸ਼ੱਕੀ ਵਸਤੂਆਂ ਵੀ ਹਨ। ਉਹ ਮੋਟਰ ਸਾਈਕਲ ਰਾਹੀਂ ਪੀਲੀਭੀਤ ਵੱਲ ਗਏ ਹਨ। ਪੰਜਾਬ ਪੁਲਿਸ ਤੇ ਪੂਰਨਪੁਰ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ। ਹੋਰ ਥਾਣਿਆਂ ਨੂੰ ਵੀ ਅਲਰਟ ਕਰ ਦਿੱਤਾ ਗਿਆ।
ਪੂਰਨਪੁਰ ਤੇ ਪੀਲੀਭੀਤ ਵਿਚਕਾਰ ਨਿਰਮਾਣ ਅਧੀਨ ਪੁਲ 'ਤੇ ਜਦੋਂ ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ਘੇਰ ਲਿਆ ਤਾਂ ਉਹ ਪਟੜੀ ਵੱਲ ਵੱਲ ਮੁੜ ਗਏ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਰੁਕਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਪੁਲਿਸ ਟੀਮ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ 'ਚ ਤਿੰਨੋਂ ਖਾਲਿਸਤਾਨੀਆਂ ਨੂੰ ਗੋਲੀ ਮਾਰ ਦਿੱਤੀ ਗਈ। ਪੰਜਾਬ ਪੁਲਿਸ ਨੇ ਕਿਹਾ ਹੈ ਕਿ ਇਨ੍ਹਾਂ ਖਾਲਿਸਤਾਨੀਆਂ ਦੇ ਵਿਦੇਸ਼ਾਂ ਵਿੱਚ ਵੀ ਸਬੰਧ ਹਨ।
ਮੁਲਜ਼ਮਾਂ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਹੈ। ਇਹ ਪੂਰਨਪੁਰ ਥਾਣਾ ਖੇਤਰ ਤੋਂ ਚੋਰੀ ਹੋਇਆ ਸੀ। ਮੁਕਾਬਲੇ 'ਚ ਦੋ ਪੁਲਿਸ ਕਾਂਸਟੇਬਲ ਵੀ ਜ਼ਖਮੀ ਹੋ ਗਏ। ਕਰੀਬ ਅੱਧੇ ਘੰਟੇ 'ਚ ਪੁਲਿਸ ਤੇ ਅੱਤਵਾਦੀਆਂ ਵਿਚਾਲੇ 100 ਤੋਂ ਵੱਧ ਰਾਊਂਡ ਫਾਇਰ ਕੀਤੇ ਗਏ। ਜ਼ਿਆਦਾਤਰ ਫਾਇਰਿੰਗ ਅੱਤਵਾਦੀਆਂ ਨੇ ਹੀ ਕੀਤੀ।