ਉਨ੍ਹਾਂ ਦਾਅਵਾ ਕੀਤਾ ਹੈ ਕਿ ਮਨੁੱਖੀ ਸਰਗਰਮੀਆਂ ’ਚ ਬਦਲਾਅ ਕਾਰਨ ਗਰੀਨ ਹਾਊਸ ਗੈਸਾਂ ਨਿਕਲਣ ਤੇ ਹੋਰ ਸਬੰਧਤ ਕਾਰਨਾਂ ਨਾਲ ਜਲਵਾਯੂ ’ਚ ਬਦਲਾਅ ਹੋ ਰਿਹਾ ਹੈ। ਬਾਇਓ ਸਾਇੰਸ ਜਰਨਲ ’ਚ ਪ੍ਰਕਾਸ਼ਤ ਰਿਪੋਰਟ ’ਚ ਭਾਰਤ ਦੇ 69 ਵਿਗਿਆਨੀਆਂ ਸਮੇਤ 11258 ਹੋਰਾਂ ਦੇ ਦਸਤਖ਼ਤ ਹਨ ਜਿਸ ’ਚ ਜਲਵਾਯੂ ਬਦਲਾਅ ਦੇ ਮੌਜੂਦਾ ਰੁਝਾਨਾਂ ਤੇ ਉਨ੍ਹਾਂ ’ਤੇ ਨੱਥ ਪਾਉਣ ਦੀਆਂ ਢੁਕਵੀਆਂ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਜਲਵਾਯੂ ਐਮਰਜੈਂਸੀ ਦਾ ਐਲਾਨਨਾਮਾ 40 ਸਾਲ ਤੋਂ ਵੱਧ ਸਮੇਂ ਤੱਕ ਜਨਤਕ ਤੌਰ ’ਤੇ ਮੌਜੂਦ ਅੰਕੜਿਆਂ ਦੇ ਵਿਗਿਆਨਕ ਅਧਿਐਨ ’ਤੇ ਆਧਾਰਿਤ ਹੈ। ਇਸ ’ਚ ਊਰਜਾ ਦੀ ਵਰਤੋਂ, ਧਰਤੀ ਦੇ ਤਾਪਮਾਨ, ਵਧਦੀ ਅਬਾਦੀ, ਦਰੱਖ਼ਤ ਕੱਟਣ, ਜਨਮ ਦਰ, ਕੁੱਲ ਘਰੇਲੂ ਉਤਪਾਦ (ਜੀਡੀਪੀ) ਤੇ ਕਾਰਬਨ ਨਿਕਲਣ ਆਦਿ ਜਿਹੇ ਅੰਕੜੇ ਸ਼ਾਮਲ ਹਨ।
ਅਮਰੀਕਾ ਦੇ ਓਰੇਗਨ ਸਟੇਟ ਯੂਨੀਵਰਸਿਟੀ ਕਾਲਫ਼ ਆਫ਼ ਫੋਰੈਸਟਰੀ ਦੇ ਇਕੋਲੌਜੀ ਦੇ ਪ੍ਰੋਫੈਸਰ ਵਿਲੀਅਮ ਜੇ ਰਿਪਲ ਨੇ ਕਿਹਾ,‘‘ਆਲਮੀ ਪੱਧਰ ’ਤੇ 40 ਸਾਲ ਤੱਕ ਵਾਰਤਾ ਦੇ ਬਾਵਜੂਦ ਅਸੀਂ ਆਪਣਾ ਕਾਰ-ਵਿਹਾਰ ਆਮ ਵਾਂਗ ਜਾਰੀ ਰੱਖਿਆ ਹੋਇਆ ਹੈ ਤੇ ਇਸ ਸੰਕਟ ਨੂੰ ਨਜਿੱਠਣ ’ਚ ਅਸੀਂ ਨਾਕਾਮ ਰਹੇ ਹਾਂ। ਜਲਵਾਯੂ ਬਦਲਾਅ ਹੋਣ ਲੱਗ ਪਿਆ ਹੈ ਤੇ ਇਹ ਕਈ ਵਿਗਿਆਨੀਆਂ ਦੀਆਂ ਉਮੀਦਾਂ ਤੋਂ ਤੇਜ਼ੀ ਨਾਲ ਫੈਲ ਰਿਹਾ ਹੈ।’’
ਰਿਪਲ ਤੇ ਕ੍ਰਿਸਟੋਫਰ ਵੁਲਫ ਦੀ ਅਗਵਾਈ ਹੇਠ ਆਲਮੀ ਵਿਗਿਆਨੀਆਂ ਦੇ ਗੱਠਜੋੜ ਨੇ ਗਰਮ ਹੁੰਦੀ ਜਾ ਰਹੀ ਧਰਤੀ ਨੂੰ ਬਚਾਉਣ ਲਈ ਫੌਰੀ ਛੇ ਕਦਮ ਉਠਾਉਣ ’ਤੇ ਜ਼ੋਰ ਦਿੱਤਾ ਹੈ। ਇਹ ਊਰਜਾ, ਕੁਦਰਤ, ਭੋਜਨ, ਅਰਥਚਾਰਾ, ਅਬਾਦੀ ਤੇ ਘੱਟ ਪ੍ਰਦੂਸ਼ਣ ਵਾਲੀਆਂ ਵਸਤਾਂ ਹਨ।
ਦਿੱਲੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਗਿਆਨ ਪ੍ਰਕਾਸ਼ ਸ਼ਰਮਾ ਨੇ ਕਿਹਾ,‘‘ਸਾਡੇ ਸਾਰਿਆਂ ਲਈ ਜ਼ਰੂਰੀ ਲੋਕਾਂ ਨੂੰ ਢੁਕਵਾਂ ਭੋਜਨ ਤੇ ਊਰਜਾ ਮੁਹੱਈਆ ਕਰਾਉਣਾ ਹੈ। ਇਨ੍ਹਾਂ ਮਕਸਦਾਂ ਲਈ ਅਸੀਂ ਆਪਣੀ ਕੁਦਰਤ ਨਾਲ ਛੇੜਛਾੜ ਕਰ ਰਹੇ ਹਾਂ।’’ ਭਾਰਤ ਦੇ ਸੰਦਰਭ ’ਚ ਉਨ੍ਹਾਂ ਕਿਹਾ ਕਿ ਮੌਨਸੂਨ ਸਮੇਤ ਕਈ ਹੋਰ ਕਾਰਨਾਂ ਨਾਲ ਵਾਤਾਵਰਨ ’ਚ ਬਦਲਾਅ ਹੋ ਰਿਹਾ ਹੈ। ਇਸ ਕਾਰਨ ਖੇਤੀ ਕਰਨ ਦੇ ਢੰਗ ’ਚ ਵੀ ਕਈ ਬਦਲਾਅ ਹੋਏ ਹਨ। ਵਿਗਿਆਨੀਆਂ ਨੇ ਕਿਹਾ ਕਿ ਦੁਨੀਆਂ ’ਚ ਵਾਤਾਵਰਨ ਪ੍ਰਤੀ ਵੱਧ ਰਹੀ ਜਾਗਰੂਕਤਾ ਨਾਲ ਕੁਝ ਸੁਧਾਰ ਹੋਣ ਦੀ ਉਮੀਦ ਬੱਝੀ ਹੈ।