ਚੰਡੀਗੜ੍ਹ: EPFO ਯਾਨੀ ਇੰਪਲਾਈਜ਼ ਪ੍ਰੋਵੀਡੈਂਟ ਫੰਡ ਸੰਗਠਨ ਜਲਦੀ ਹੀ ਪੈਨਸ਼ਨ ਨਾਲ ਜੁੜੇ ਨਿਯਮਾਂ ਨੂੰ ਬਦਲਣ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੈਨਸ਼ਨ ਦੀ ਉਮਰ ਹੱਦ 58 ਸਾਲ ਤੋਂ ਵਧਾ ਕੇ 60 ਸਾਲ ਕੀਤੀ ਜਾ ਸਕਦੀ ਹੈ। ਯਾਨੀ, ਮੌਜੂਦਾ ਸਮੇਂ ਵਿਚ ਵੱਖ-ਵੱਖ ਥਾਵਾਂ 'ਤੇ ਨੌਕਰੀ ਕਰਦਿਆਂ ਹੋਇਆਂ ਵੀ ਤੁਹਾਡੀ ਸਰਵਿਸ ਹਿਸਟਰੀ 10 ਸਾਲ ਬਣ ਜਾਂਦੀ ਹੈ ਤਾਂ ਤੁਸੀਂ ਪੈਨਸ਼ਨ ਦੇ ਹੱਕਦਾਰ ਬਣ ਜਾਂਦੇ ਹੋ। ਉਸ ਤੋਂ ਬਾਅਦ, ਜਦੋਂ ਤੁਸੀਂ 58 ਸਾਲ ਦੇ ਹੋ ਜਾਏ ਤਾਂ ਤੁਹਾਨੂੰ ਮਹੀਨਾਵਾਰ ਪੈਨਸ਼ਨ ਵਜੋਂ ਪੈਸੇ ਮਿਲਣੇ ਸ਼ੁਰੂ ਹੋ ਜਾਂਦੇ ਹਨ।


ਇੱਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਈਪੀਐਫ ਐਕਟ 1952 ਨੂੰ ਬਦਲਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨੂੰ ਬਦਲਣ ਪਿੱਛੇ ਵੱਡਾ ਕਾਰਨ ਵਿਸ਼ਵ ਭਰ ਵਿੱਚ ਤੈਅ ਉਮਰ ਦੱਸੀ ਜਾ ਰਹੀ ਹੈ। ਦੁਨੀਆ ਦੇ ਜ਼ਿਆਦਾਤਰ ਪੈਨਸ਼ਨ ਫੰਡਾਂ ਵਿੱਚ, ਪੈਨਸ਼ਨ ਦੀ ਉਮਰ 65 ਸਾਲ ਤੈਅ ਕੀਤੀ ਗਈ ਹੈ, ਇਸੇ ਲਈ ਇਸ ਨੂੰ ਬਦਲਣ ਦੀ ਤਿਆਰੀ ਹੈ।


ਇਸ ਲਈ ਅਗਲੇ ਮਹੀਨੇ ਈਪੀਐਫਓ ਸੈਂਟਰਲ ਬੋਰਡ ਟਰੱਸਟ ਦੀ ਬੈਠਕ ਵਿੱਚ ਇਸ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਫੈਸਲੇ ਨਾਲ ਪੈਨਸ਼ਨ ਫੰਡ ਨੂੰ 30 ਹਜ਼ਾਰ ਕਰੋੜ ਰੁਪਏ ਦੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਨੌਕਰਪੇਸ਼ਾ ਲੋਕਾਂ ਦੀ ਰਿਟਾਇਰਮੈਂਟ ਦੀ ਉਮਰ ਵਿੱਚ ਵੀ 2 ਸਾਲ ਦਾ ਵਾਧਾ ਹੋ ਸਕਦਾ ਹੈ। ਇੱਕ ਵਾਰ ਬੋਰਡ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਪ੍ਰਸਤਾਵ ਨੂੰ ਕੈਬਨਿਟ ਦੀ ਮਨਜ਼ੂਰੀ ਲਈ ਲੇਬਰ ਮੰਤਰਾਲੇ ਕੋਲ ਭੇਜਿਆ ਜਾਏਗਾ।


ਦੱਸ ਦੇਈਏ ਈਪੀਐਸ ਐਕਟ ਵਿੱਚ 1996 ਵਿੱਚ ਹੋਈ ਇੱਕ ਸੋਧ ਤੋਂ ਬਾਅਦ ਕਰਮਚਾਰੀ ਨੂੰ ਪੈਨਸ਼ਨ ਵਿੱਚ ਯੋਗਦਾਨ ਨੂੰ ਵਧਾ ਕੇ ਤਨਖਾਹ ਦਾ 8.33 ਫੀਸਦੀ ਦੇਣ ਦਾ ਵਿਕਲਪ ਮਿਲਿਆ ਸੀ। ਈਪੀਐਸ ਵਿੱਚ ਯੋਗਦਾਨ ਵਧਾਉਣ ਲਈ ਕਰਮਚਾਰੀ ਨੂੰ ਮਾਲਕ ਦੀ ਸਹਿਮਤੀ ਪੱਤਰ ਦੇ ਨਾਲ ਈਪੀਐਫਓ ਨੂੰ ਅਰਜ਼ੀ ਦੇਣੀ ਪੈਂਦੀ ਹੈ। ਦੱਸ ਦੇਈਏ ਆਪਣੇ PF ਖਾਤੇ ਦੀ ਰਕਮ ਕੋਈ ਵੀ ਮੁਲਾਜ਼ਮ ਇੱਕ ਤੈਅ ਸਮੇਂ ਪਿੱਛੋਂ ਕਢਵਾ ਸਕਦਾ ਹੈ, ਪਰ ਪੈਨਸ਼ਨ ਦੀ ਰਕਮ ਕਢਵਾਉਣ ਲਈ ਨਿਯਮ ਕਾਫੀ ਸਖ਼ਤ ਹਨ।