ਨਵੀਂ ਦਿੱਲੀ: ਗੁਜਰਾਤ ਵਿੱਚ ਬੀਜੇਪੀ ਆਪਣੇ ਟੀਚੇ ਦੇ ਕਰੀਬ ਭਾਵੇਂ ਨਾ ਪੁੱਜੀ ਹੋਵੇ ਪਰ ਬਹੁਮਤ ਲੈਣ ਵਿੱਚ ਕਾਮਯਾਬ ਰਹੀ ਹੈ। ਗੁਜਰਾਤ ਦੇ ਨਤੀਜਿਆਂ ਦਾ ਅਸਰ ਨਾ ਸਿਰਫ ਬੀਜੇਪੀ ਜਦਕਿ ਪੂਰੇ ਮੁਲਕ ਦੇ ਰਾਜਨੀਤਕ ਹਾਲਾਤ 'ਤੇ ਪਵੇਗਾ। ਪ੍ਰਧਾਨ ਮੰਤਰੀ ਮੋਦੀ ਦੇ ਗੁਜਰਾਤ ਤੋਂ ਦਿੱਲੀ ਪੁੱਜਣ ਮਗਰੋਂ ਗੁਜਰਾਤ ਵਿੱਚ ਇਹ ਪਹਿਲੀ ਚੋਣ ਹੈ। ਇਹ ਸਿੱਧੇ ਪ੍ਰਧਾਨ ਮੰਤਰੀ ਮੋਦੀ ਦੀ ਇੱਜ਼ਤ ਦਾ ਸਵਾਲ ਸੀ। ਇਸ ਚੋਣ ਵਿੱਚ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੇ ਚੋਣ ਚੱਕਰ ਦੇ ਟੈਸਟ ਵਜੋਂ ਵੇਖਿਆ ਜਾ ਰਿਹਾ ਸੀ।
'ਏਬੀਪੀ ਨਿਊਜ਼' ਦੇ ਰਾਜਨੀਤਕ ਸੰਪਾਦਕ ਰਾਜ ਕਿਸ਼ੋਰ ਮੁਤਾਬਕ, ਗੁਜਰਾਤ ਨਤੀਜੇ ਕੁਝ ਵੀ ਹੁੰਦੇ ਇਨ੍ਹਾਂ ਦਾ ਅਸਰ 2019 ਦੀਆਂ ਚੋਣਾਂ ਵਿੱਚ ਨਹੀਂ ਪੈਣਾ ਸੀ। ਕਾਂਗਰਸ ਲਈ ਇਹ ਜ਼ਿਆਦਾ ਖਾਸ ਹੈ। ਕਾਂਗਰਸ ਨੂੰ ਗੁਜਰਾਤ ਤੋਂ ਜਿਹੜੇ ਫਾਇਦੇ ਮਿਲ ਸਕਦੇ ਸਨ, ਸ਼ਾਇਦ ਉਹ ਹੁਣ ਨਾ ਮਿਲਣ।
ਰਾਜ ਕਿਸ਼ੋਰ ਮੁਤਾਬਕ, ਬੀਜੇਪੀ ਲਈ ਇਹ ਖਾਸ ਚੋਣ ਸੀ ਕਿਉਂਕਿ ਗੁਜਰਾਤ ਬੀਜੇਪੀ ਦਾ ਗੜ੍ਹ ਮੰਨਿਆ ਜਾਂਦਾ ਹੈ। ਇਹ ਚੋਣ ਅਮਿਤ ਸ਼ਾਹ ਲਈ ਜ਼ਿਆਦਾ ਅਹਿਮ ਸੀ। ਅਮਿਤ ਸ਼ਾਹ ਜੇਕਰ ਇਹ ਚੋਣ ਹਾਰਦੇ ਤਾਂ ਪ੍ਰਧਾਨ ਮੰਤਰੀ ਲਈ ਕੋਈ ਦੂਜੀ ਆਪਸ਼ਨ ਭਾਵੇਂ ਨਾ ਹੋਵੇ ਪਰ ਅਮਿਤ ਸ਼ਾਹ ਦੀ ਦੂਜੀ ਆਪਸ਼ਨ ਲੱਭੀ ਜਾਣੀ ਸੀ। ਗੁਜਰਾਤ ਜਿੱਤਣਾ ਬੀਜੇਪੀ ਲਈ ਚੰਗੀ ਖਬਰ ਹੈ ਪਰ 2019 ਲਈ ਤਿਆਰੀ ਦੀ ਵੀ ਗੱਲ ਸਾਹਮਣੇ ਆਈ ਹੈ। ਅੱਗੇ ਚੁਣੌਤੀ ਹੋਰ ਵੀ ਵਧ ਸਕਦੀ ਹੈ।