ਚੰਡੀਗੜ੍ਹ: ਗੁਜਰਾਤ ਚੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ ਬਾਜ਼ੀ ਮਾਰ ਲਈ ਹੈ। ਗੁਜਾਰਤ ਵਿੱਚ ਬੀਜੇਪੀ ਨੂੰ 99, ਕਾਂਗਰਸ ਨੂੰ 80 ਤੇ ਹੋਰਾਂ ਨੂੰ ਤਿੰਨ ਸੀਟਾਂ ਮਿਲੀਆਂ ਹਨ। ਹਿਮਾਚਲ ਪ੍ਰਦੇਸ਼ ਵਿੱਚ ਬੀਜੇਪੀ ਨੂੰ 44, ਕਾਂਗਰਸ ਨੂੰ 21 ਤੇ ਹੋਰਾਂ ਨੂੰ ਤਿੰਨ ਸੀਟਾਂ ਮਿਲੀਆਂ ਹਨ। ਬੀਜੇਪੀ ਨੇ ਗੁਜਾਰਤ ਵਿੱਚ ਸੱਤਾ ਬਰਕਰਾਰ ਰੱਖੀ ਹੈ ਜਦੋਂਕਿ ਹਿਮਾਚਲ ਪ੍ਰਦੇਸ਼ ਵਿੱਚੋਂ ਕਾਂਗਰਸ ਨੂੰ ਲਾਂਭੇ ਕੀਤਾ ਹੈ। ਦੋਵਾਂ ਰਾਜਾਂ ਵਿੱਚ ਬੀਜੇਪੀ ਨੂੰ ਬਹੁਮਤ ਮਿਲਿਆ ਹੈ।
ਕਾਂਗਰਸ ਭਾਵੇਂ ਦੋਵਾਂ ਸੂਬਿਆਂ ਵਿੱਚ ਹਾਰ ਗਈ ਹੈ ਪਰ ਫਿਰ ਵੀ ਰਾਹਤ ਦੀ ਖਬਰ ਹੈ ਕਿ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੜ੍ਹ ਗੁਜਰਾਤ ਵਿੱਚ ਬੀਜੇਪੀ ਨੂੰ ਤਕੜੀ ਟੱਕਰ ਦਿੱਤੀ ਹੈ। ਰਾਹੁਲ ਗਾਂਧੀ ਦੀ ਅਗਵਾਈ ਹੇਠ ਲੜੀ ਗਈ ਚੋਣ ਵਿੱਚ ਕਾਂਗਰਸ ਨੇ ਬੀਜੇਪੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਬੇਸ਼ੱਕ ਨਤੀਜੇ ਸ਼ੁਰੂ ਤੋਂ ਹੀ ਕਾਂਗਰਸ ਦੇ ਹੱਕ ਵਿੱਚ ਰਹੇ ਪਰ ਬੀਜੇਪੀ ਨੂੰ ਧੁੜਕੂ ਲੱਗਾ ਰਿਹਾ।
ਯਾਦ ਰਹੇ ਗੁਜਰਾਤ ਚੋਣ ਪ੍ਰਧਾਨ ਮੰਤਰੀ ਮੋਦੀ ਬਾਨਾਮ ਰਾਹੁਲ ਗਾਂਧੀ ਲੜੀ ਗਈ ਹੈ। ਮੋਦੀ ਨੇ ਚੋਣ ਜਿੱਤਣ ਲਈ ਪੂਰਾ ਤਾਣ ਲਾਅ ਦਿੱਤਾ। ਉਨ੍ਹਾਂ ਨੇ ਤਾਬੜਤੋੜ ਰੈਲੀਆਂ ਕਰਕੇ ਸੱਤਾ ਵਿਰੋਧੀ ਹਵਾ ਦਾ ਰੁਖ ਬਦਲਿਆ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇਸ ਚੋਣ ਨੇ ਰਾਹੁਲ ਗਾਂਧੀ ਦਾ ਉਭਾਰ ਕੀਤਾ ਹੈ। ਇਸ ਨਾਲ ਪਾਰਟੀ ਵਿੱਚ ਆਤਮਵਿਸ਼ਵਾਸ ਵਧੇਗਾ ਤੇ ਬੀਜੇਪੀ ਨੂੰ ਹੋਰ ਸੋਚਣ ਲਈ ਮਜਬੂਰ ਹੋਣਾ ਪਏਗਾ।