ਕੈਲੇਫੋਰਨੀਆ: ਅਮਰੀਕਾ ਦੇ ਬਰਕਲੇ ਵਿੱਚ ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਵਿੱਚ ਅੱਜ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਭਾਸ਼ਣ ਦਿੱਤਾ। ਵੈਸੇ ਤਾਂ ਭਾਰਤ ਵਿੱਚ ਕਿਸੇ ਸਿਆਸੀ ਆਗੂ ਵੱਲੋਂ ਭਾਸ਼ਣ ਵਿੱਚ ਆਪਣੀਆਂ ਪ੍ਰਾਪਤੀਆਂ ਬਾਰੇ ਘੱਟ ਤੇ ਵਿਰੋਧੀਆਂ ਬਾਰੇ ਜ਼ਿਆਦਾ ਬੋਲਿਆ ਜਾਂਦਾ ਹੈ ਪਰ ਆਪਣੇ ਸੰਬੋਧਨ ਵਿੱਚ ਰਾਹੁਲ ਨੇ ਅਮਰੀਕਾ ਜਾ ਕੇ ਭਾਰਤ ਸਰਕਾਰ ਤੇ ਪ੍ਰਧਾਨ ਮੰਤਰੀ 'ਤੇ ਜ਼ੋਰਦਾਰ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਕਸ਼ਮੀਰ ਵਿੱਚ ਫੈਲੀ ਅਸ਼ਾਂਤੀ, ਨੋਟਬੰਦੀ ਨਾਲ ਘੱਟ ਹੋਈ ਵਿਕਾਸ ਦਰ ਲਈ ਨਰੇਂਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਤੋਂ ਇਲਾਵਾ ਉਨ੍ਹਾਂ ਖ਼ੁਦ ਨੂੰ ਦੇਸ਼ ਦੀ ਅਗਵਾਈ ਕਰਨ ਦੇ ਕਾਬਲ ਵੀ ਦੱਸਿਆ।

ਪੀ.ਐਮ. ਉਮੀਦਵਾਰ ਲਈ ਤਿਆਰ

ਰਾਹੁਲ ਗਾਂਧੀ ਕਈ ਮੁੱਦਿਆਂ ਬਾਰੇ ਬੋਲੇ ਤੇ ਇਸ ਵਿੱਚੋਂ ਇੱਕ ਸੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਸਿਖਰਲਾ ਅਹੁਦਾ ਹਾਸਲ ਕਰਨ ਬਾਰੇ। ਉਸ ਨੇ ਕਿਹਾ, "ਮੈਂ ਪੀ.ਐਮ. ਅਹੁਦੇ ਲਈ ਉਮੀਦਵਾਰ ਬਣਨ ਲਈ ਤਿਆਰ ਹਾਂ। ਸਾਡੀ ਪਾਰਟੀ ਵਿੱਚ ਲੋਕਤੰਤਰ ਹੈ ਜੇਕਰ ਪਾਰਟੀ ਕਹੇਗੀ ਤਾਂ ਮੈਂ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ। ਇਸ ਤੋਂ ਇਲਾਵਾ ਮੈਂ ਸਰਕਾਰ ਦੀ ਵੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਹਾਂ। ਜੇਕਰ ਸਰਕਾਰ ਬਣਦੀ ਹੈ ਤਾਂ ਅਸੀਂ ਕਾਨੂੰਨ ਬਣਾਉਣ ਵਾਲੀ ਪ੍ਰਕਿਰਿਆ ਨੂੰ ਬਿਹਤਰ ਬਣਾਵਾਂਗੇ।"

ਕਸ਼ਮੀਰ ਬਾਰੇ ਭਾਜਪਾ 'ਤੇ ਨਿਸ਼ਾਨਾ

ਰਾਹੁਲ ਨੇ ਦਾਅਵਾ ਕੀਤਾ ਕਿ ਉਸ ਨੇ ਪੂਰੇ ਨੌਂ ਸਾਲ ਮਨਮੋਹਨ ਸਿੰਘ, ਪੀ. ਚਿਦੰਬਰਮ, ਜਯਰਾਮ ਰਮੇਸ਼ ਨਾਲ ਮਿਲਕੇ ਕਸ਼ਮੀਰ 'ਤੇ ਕੰਮ ਕੀਤਾ ਤੇ 2013 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਨੂੰ ਕਸ਼ਮੀਰ 'ਚੋਂ ਅੱਤਵਾਦ ਘਟਾਉਣਾ ਉਨ੍ਹਾਂ ਦੀ ਸਭ ਤੋਂ ਵੱਡੀ ਸਫਲਤਾ ਦੱਸਿਆ। ਉਸ ਨੇ ਕਿਹਾ ਕਿ ਉਨ੍ਹਾਂ ਕਸ਼ਮੀਰ ਦੇ ਜ਼ਮੀਨੀ ਪੱਧਰ 'ਤੇ ਕੰਮ ਕੀਤਾ ਤੇ ਪੰਚਾਇਤੀ ਰਾਜ ਨੂੰ ਮਜ਼ਬੂਤ ਕੀਤਾ। ਰਾਹੁਲ ਨੇ ਦੋਸ਼ ਲਾਇਆ ਕਿ ਜੋ ਪੀ.ਡੀ.ਪੀ. ਪਹਿਲਾਂ ਨਵੇਂ ਲੋਕਾਂ ਨੂੰ ਅੱਗੇ ਲਿਆਉਂਦੀ ਸੀ, ਭਾਜਪਾ ਨਾਲ ਮੇਲ ਤੋਂ ਬਾਅਦ ਇਹ ਬੰਦ ਹੋ ਗਿਆ ਹੈ। ਇਸ ਲਈ ਉੱਥੋਂ ਦੇ ਨੌਜਵਾਨ ਅੱਤਵਾਦੀਆਂ ਨਾਲ ਹੱਥ ਮਿਲਾ ਰਹੇ ਹਨ।

ਨੋਟਬੰਦੀ ਨੇ ਅਰਥਚਾਰੇ ਨੂੰ ਪਹੁੰਚਾਈ ਡੂੰਘੀ ਸੱਟ

ਰਾਹੁਲ ਨੇ ਨੋਟਬੰਦੀ ਦੇ ਫੈਸਲੇ ਨੂੰ ਭਾਰਤ ਲਈ ਮਾੜਾ ਦੱਸਦਿਆਂ ਕਿਹਾ ਕਿ ਕਰੰਸੀ ਖ਼ਤਮ ਕਰਨ ਨਾਲ ਸਾਡੀ ਵਿਕਾਸ ਦਰ 2 ਫ਼ੀਸਦੀ ਤਕ ਡਿੱਗ ਗਈ ਹੈ। ਉਸ ਨੇ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਇੱਕ ਅਜਿਹੀ ਮਸ਼ੀਨ ਹੈ ਜੋ ਉਸ ਬਾਰੇ ਗ਼ਲਤ ਚੀਜ਼ਾਂ ਹੀ ਫੈਲਾ ਰਹੀ ਹੈ ਤੇ ਇਸ ਦੇ ਨਿਰਦੇਸ਼ ਉਹ ਵਿਅਕਤੀ ਦੇ ਰਿਹਾ ਹੋ ਜੋ ਦੇਸ਼ ਨੂੰ ਚਲਾ ਰਿਹਾ ਹੈ।

ਹਿੰਸਾ ਨਾਲ ਕਿਸੇ ਦਾ ਭਲਾ ਨਹੀਂ ਹੁੰਦਾ

ਆਪਣੀ ਦਾਦੀ ਤੇ ਪਿਤਾ ਦੀ ਮੌਤ ਨੂੰ ਯਾਦ ਕਰਦਿਆਂ ਰਾਹੁਲ ਨੇ ਕਿਹਾ ਕਿ ਹਿੰਸਾ ਕਾਰਨ ਉਨ੍ਹਾਂ ਦੋਵਾਂ ਦੀ ਮੌਤ ਹੋ ਗਈ ਸੀ। ਉਸ ਨੇ ਕਿਹਾ ਕਿ ਹਿੰਸਾ ਦੇ ਜਵਾਬ ਵਿੱਚ ਹਿੰਸਾ ਕਿਸੇ ਗੱਲ ਦਾ ਹੱਲ ਨਹੀਂ ਹੈ। ਰਾਹੁਲ ਨੇ ਕਿਹਾ ਕਿ ਅੱਜ ਅਹਿੰਸਾ ਦਾ ਵਿਚਾਰ ਖਤਰੇ ਵਿੱਚ ਹੈ। ਸਾਨੂੰ ਹਿੰਸਾ ਤੇ ਗੁੱਸਾ ਬਰਬਾਦ ਕਰ ਰਿਹਾ ਹੈ।