ਇੰਦੌਰ: ਇੰਦੌਰ ਪੁਲਿਸ ਨੇ ਇੱਕ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਜੋ ਲੜਕੀਆਂ ਦੇ ਨਾਂ 'ਤੇ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਬਣਾ ਕੇ ਆਰਥਿਕ ਤੌਰ 'ਤੇ ਅਮੀਰ ਲੋਕਾਂ ਤੋਂ ਪੈਸੇ ਵਸੂਲ ਰਿਹਾ ਸੀ। ਇਸ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੇ ਡਿਪਟੀ ਕਮਿਸ਼ਨਰ (ਡੀਸੀਪੀ) ਸੰਪਤ ਉਪਾਧਿਆਏ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਇੰਦੌਰ ਦੇ ਸਕੀਮ ਨੰਬਰ 54 ਖੇਤਰ ਵਿੱਚ ਇੱਕ ਇਮਾਰਤ ਦੇ ਇੱਕ ਫਲੈਟ ਤੋਂ ਮੋਨੂੰ (20), ਸੰਦੀਪ (20), ਸਚਿਨ (24) ਤੇ ਅਮਨ (24) ਵਜੋਂ ਹੋਈ ਹੈ।



ਡੀਸੀਪੀ ਨੇ ਦੱਸਿਆ ਕਿ ਚਾਰੇ ਨੌਜਵਾਨ ਸ਼ਿਵਪੁਰੀ ਦੇ ਰਹਿਣ ਵਾਲੇ ਹਨ ਤੇ ਇੰਦੌਰ ਵਿੱਚ ਰਹਿ ਕੇ ਇਸ ਗਿਰੋਹ ਨੂੰ ਚਲਾ ਰਹੇ ਸਨ। ਉਨ੍ਹਾਂ ਦੱਸਿਆ ਕਿ ਉਕਤ ਚਾਰੇ ਮੁਲਜ਼ਮ ਲੜਕੀਆਂ ਦੇ ਨਾਂ 'ਤੇ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਜਾਅਲੀ ਅਕਾਊਂਟ ਚਲਾ ਰਹੇ ਸਨ, ਜਿੱਥੇ ਉਹ ਆਰਥਿਕ ਤੌਰ 'ਤੇ ਅਮੀਰ ਵਿਅਕਤੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਆਪਣੇ ਜਾਲ 'ਚ ਫਸਾ ਲੈਂਦੇ ਸਨ।

ਉਪਾਧਿਆਏ ਨੇ ਦੱਸਿਆ, "ਇਹ ਚਾਰੇ ਨੌਜਵਾਨ ਸੋਸ਼ਲ ਮੀਡੀਆ 'ਤੇ ਲੜਕੀਆਂ ਦੱਸ ਕੇ ਮਰਦਾਂ ਨਾਲ ਅਸ਼ਲੀਲ ਚੈਟ ਤੇ ਵੀਡੀਓ ਕਾਲ ਕਰਦੇ ਸਨ ਅਤੇ ਸੂਚਨਾ ਤਕਨਾਲੋਜੀ ਦੀ ਮਦਦ ਨਾਲ ਇਸ ਨੂੰ ਰਿਕਾਰਡ ਕਰਦੇ ਸਨ। ਬਾਅਦ ਵਿੱਚ ਇਹ ਇਤਰਾਜ਼ਯੋਗ ਸਮੱਗਰੀ ਲੋਕਾਂ ਦੇ ਰਿਸ਼ਤੇਦਾਰਾਂ ਨਾਲ ਸਾਂਝੀ ਕਰਨ ਦੀ ਧਮਕੀ ਦੇ ਕੇ ਮੋਟੀ ਵਸੂਲੀ ਕਰਦੇ ਸਨ।

ਡੀਸੀਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਇਸ ਗਿਰੋਹ ਨੇ ਘੱਟੋ-ਘੱਟ 100 ਲੋਕਾਂ ਨੂੰ ਇਸ ਤਰੀਕੇ ਨਾਲ ਫਸਾ ਕੇ ਉਨ੍ਹਾਂ ਤੋਂ ਕੁੱਲ 10 ਲੱਖ ਰੁਪਏ ਦੀ ਲੁੱਟ ਕੀਤੀ ਹੈ। ਚਾਰਾਂ ਮੁਲਜ਼ਮਾਂ ਦੇ ਕਬਜ਼ੇ 'ਚੋਂ 9 ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀ ਧੋਖਾਧੜੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਸਾਈਬਰ ਮਾਹਿਰਾਂ ਵੱਲੋਂ ਵੀ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ। ਅਜਿਹੇ 'ਚ ਲੋੜ ਹੈ ਕਿ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਪ੍ਰਤੀ ਸੁਚੇਤ ਹੋਣ ਤਾਂ ਹੀ ਅਜਿਹੇ ਗੈਂਗਸਟਰਾਂ ਤੋਂ ਬਚਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜੇਕਰ ਕੋਈ ਇਸ ਦਾ ਸ਼ਿਕਾਰ ਹੋਇਆ ਹੈ ਤਾਂ ਉਹ ਤੁਰੰਤ ਸਾਈਬਰ ਸੈੱਲ 'ਚ ਇਸ ਦੀ ਸ਼ਿਕਾਇਤ ਕਰੇ।



 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904