ਬੰਗਲੁਰੂ: ਭੇੜ ਚਾਲ ਸਾਹਮਣੇ ਤਰਕ ਤੇ ਤਲਵਾਰ-ਬੰਦੂਕ ਸਾਹਮਣੇ ਆਪਣੀ ਕਲਮ ਨਾਲ ਲੜਨ ਵਾਲੀ ਸੀਨੀਅਰ ਮਹਿਲਾ ਪੱਤਰਕਾਰ ਗ਼ੌਰੀ ਲੰਕੇਸ਼ ਨੂੰ ਆਪਣੇ ਵਿਦਰੋਹੀ ਸੁਭਾਅ ਦੀ ਕੀਮਤ ਜਾਨ ਦੇ ਕੇ ਚੁੱਕਉਣੀ ਪਈ। ਹੁਣ ਗ਼ੌਰੀ ਦੇ ਭਰਾ ਨੇ ਭੈਣ ਲਈ ਇਨਸਾਫ਼ ਦੀ ਮੰਗ ਕੀਤੀ ਹੈ।

ਭਰਾ ਇੰਦਰਜੀਤ ਲੰਕੇਸ਼ ਨੇ ਕਿਹਾ ਹੈ ਕਿ ਇਸ ਹੱਤਿਆ ਦੀ ਜਾਂਚ ਸੀਬੀਆਈ ਤੋਂ ਹੋਣੀ ਚਾਹੀਦੀ ਹੈ। ਇੰਦਰਜੀਤ ਲੰਕੇਸ਼ ਦਾ ਕਹਿਣਾ ਹੈ ਕਿ ਉਸ ਦੀ ਭੈਣ ਗ਼ੌਰੀ ਨੇ ਪਰਿਵਾਰ ਸਾਹਮਣੇ ਕਦੇ ਜਾਨ ਦੇ ਖ਼ਤਰੇ ਦੀ ਗੱਲ ਨਹੀਂ ਕੀਤੀ। ਉਸ ਦਾ ਕਹਿਣਾ ਹੈ ਕਿ ਇਹ ਗੱਲ ਸਹੀ ਹੈ ਕਿ ਉਹ ਸਮਾਜਸੇਵੀ ਕਾਰਕੁਨ ਸੀ ਤੇ ਜੋ ਉਹ ਚਾਹੁੰਦੀ ਸੀ, ਉਹ ਲਿਖਦੀ ਸੀ।
ਇੰਦਰਜੀਤ ਲੰਕੇਸ਼ ਨੇ ਕਿਹਾ ਕਿ ਗ਼ੌਰੀ ਨੇ ਮਾਂ ਨੂੰ ਕੁਝ ਨਹੀਂ ਦੱਸਿਆ ਸੀ। ਪਿਛਲੀ ਰਾਤ ਉਹ ਆਪਣੀ ਮਾਂ ਨਾਲ ਹੀ ਸੀ। ਇਹ ਮਹਿਜ਼ ਅਫ਼ਵਾਹ ਹੈ। ਉਨ੍ਹਾਂ ਨੂੰ ਕਿਸੇ ਤੋਂ ਕੋਈ ਖ਼ਤਰਾ ਨਹੀਂ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਫਾਇਰ ਬਰਾਂਡ ਪੱਤਰਕਾਰ ਸੀ। ਉਹ ਹਮਲਾਵਰ ਪੱਤਰਕਾਰ ਸੀ ਤੇ ਆਪਣਾ ਕੰਮ ਕਰ ਰਹੀ ਸੀ। ਉਹ ਇੱਕ ਸਰਗਰਮ ਐਕਟੀਵਿਸਟ ਸੀ। ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਉਨ੍ਹਾਂ ਨੂੰ ਜਾਨ ਦਾ ਕੋਈ ਖ਼ਤਰਾ ਨਹੀਂ ਸੀ।
ਉਨ੍ਹਾਂ ਨੇ ਕਿਹਾ ਕਿ ਮੈਂ ਸੀਬੀਆਈ ਜਾਂਚ ਦੀ ਮੰਗ ਕਰਦਾ ਹਾਂ। ਜਿਵੇਂ ਕਿ ਪਹਿਲਾਂ ਵੀ ਦੇਖਿਆ ਜਾ ਚੁੱਕਾ ਹੈ ਕਿ ਕਲਬੁਰਗੀ ਦੇ ਮਾਮਲੇ ਵਿੱਚ ਰਾਜ ਸਰਕਾਰ ਨੇ ਜਾਂਚ ਕੀਤੀ ਸੀ, ਉਹ ਕਾਫ਼ੀ ਨਿਰਾਸ਼ਾਜਨਕ ਰਹੀ। ਮੈਂ ਕਹਿ ਸਕਦਾ ਹਾਂ ਕਿ ਉਨ੍ਹਾਂ ਕੁਝ ਨਹੀਂ ਕੀਤਾ। ਕੋਈ ਨਹੀਂ ਜਾਣਦਾ ਕਿ ਕਸੂਰਵਾਰ ਕੌਣ ਹੈ।

ਯਾਦ ਰਹੇ ਕਿ ਸਾਲ 2016 ਵਿੱਚ ਕਰਨਾਟਕਾ ਦੇ ਧਾਰਵਾੜ ਵਿੱਚ ਕਲਬੁਰਗੀ ਦੀ ਹੱਤਿਆ ਕਰ ਦਿੱਤੀ ਗਈ ਸੀ। ਤੁਹਾਨੂੰ ਦੱਸ ਦਈਏ ਕਿ ਕਲ ਰਾਤ ਜਦੋਂ ਗ਼ੌਰੀ ਲੰਕੇਸ਼ ਦਫ਼ਤਰ ਤੋਂ ਵਾਪਸ ਆਪਣੇ ਘਰ ਦਾ ਦਰਵਾਜ਼ਾ ਖੁੱਲ੍ਹਣ ਦਾ ਰਹੀ ਸੀ, ਉਦੋਂ ਬਾਈਕ ਉੱਤ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਫਾਇਰਿੰਗ ਦੌਰਾਨ ਉਸ ਦੇ ਸਿਰ, ਗਰਦਨ ਤੇ ਸੀਨੇ ਉੱਤੇ ਗੋਲੀਆਂ ਲੱਗੀਆਂ। ਮੌਕੇ ਉੱਤੇ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ।