ਸ਼੍ਰੀਨਗਰ: ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਹਵਾਲਾ ਕਾਰੋਬਾਰ ਤੇ ਅੱਤਵਾਦੀਆਂ-ਵੱਖਵਾਦੀਆਂ ਨੂੰ ਕਥਿਤ ਤੌਰ 'ਤੇ ਪੈਸਾ ਭੇਜਣ ਵਾਲੇ ਕਾਰੋਬਾਰੀਆਂ ਦੇ ਕਸ਼ਮੀਰ ਤੇ ਦਿੱਲੀ ਵਿਚਲੇ 16 ਟਿਕਾਣਿਆਂ 'ਤੇ ਅੱਜ ਛਾਪੇਮਾਰੀ ਕੀਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਐਨ.ਆਈ.ਏ. ਦੇ ਅਧਿਕਾਰੀਆਂ ਨੇ ਅੱਜ ਸਵੇਰੇ ਸ਼੍ਰੀਨਗਰ ਤੇ ਉੱਤਰੀ ਕਸ਼ਮੀਰ ਵਿੱਚ ਵੱਖ-ਵੱਖ ਥਾਵਾਂ 'ਤੇ ਸਥਿਤ ਵਪਾਰਕ ਟਿਕਾਣਿਆ ਦੀ ਤਲਾਸ਼ੀ ਲਈ ਗਈ। ਐਨ.ਆਈ.ਏ. ਅਧਿਕਾਰੀਆਂ ਨੇ ਪੁਰਾਣੀ ਦਿੱਲੀ ਦੇ ਪੰਜ ਵਪਾਰੀਆਂ ਦੇ ਟਿਕਾਣਿਆਂ 'ਤੇ ਵੀ ਛਾਪੇ ਮਾਰੇ।
ਦੱਸਣਾ ਬਣਦਾ ਹੈ ਕਿ ਬੀਤੇ ਦਿਨੀਂ ਐਨ.ਆਈ.ਏ. ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਵਿੱਚ ਆਜ਼ਾਦ ਫ਼ੋਟੋਗ੍ਰਾਫਰ ਵੀ ਸ਼ਾਮਲ ਸੀ ਜਿਸ ਦੀ ਪੱਥਰਬਾਜ਼ੀ ਕਰਨ ਤੇ ਸੋਸ਼ਲ ਮੀਡੀਆ ਰਾਹੀਂ ਸੁਰੱਖਿਆ ਬਲਾਂ ਵਿਰੁੱਧ ਸਮਰਥਨ ਜੁਟਾਉਣ ਵਿੱਚ ਕਥਿਤ ਤੌਰ 'ਤੇ ਸ਼ਮੂਲੀਅਤ ਦੱਸੀ ਜਾਂਦੀ ਹੈ।
ਸੁਰੱਖਿਆ ਏਜੰਸੀ ਨੇ ਕਸ਼ਮੀਰ ਘਾਟੀ ਵਿੱਚ ਅਸ਼ਾਂਤੀ ਪੈਦਾ ਕਰਨ ਦੇ ਮਕਸਦ ਲਈ ਅੱਤਵਾਦੀਆਂ ਤੇ ਵੱਖਵਾਦੀਆਂ ਨੂੰ ਕਥਿਤ ਤੌਰ 'ਤੇ ਪੈਸਾ ਭੇਜਣ ਵਾਲੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਐਨ.ਆਈ.ਏ. ਨੇ ਬੀਤੀ 30 ਮਈ ਨੂੰ ਪਾਕਿਸਤਾਨ ਸਥਿਤ ਜਮਾਤ-ਉਦ-ਦਾਵਾ ਤੇ ਲਸ਼ਕਰ-ਏ-ਤੌਇਬਾ ਦੇ ਨੇਤਾ ਹਾਫਿਜ਼ ਸਈਦ ਵਿਰੁੱਧ ਇੱਕ ਮੁਕੱਦਮਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਇਹ ਗ੍ਰਿਫਤਾਰੀਆਂ ਤੇ ਛਾਪੇ ਮਾਰੇ ਜਾ ਰਹੇ ਹਨ।