ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਦਿੱਲੀ 'ਚ ਕੱਢੀ ਟ੍ਰੈਕਟਰ ਰੈਲੀ ਦੌਰਾਨ ਕਿਸਾਨ ਭੜਕ ਗਏ। ਕੁਝ ਪ੍ਰਦਰਸ਼ਨਕਾਰੀ ਤੈਅ ਰੂਟ ਦੀ ਬਜਾਏ ਦੂਜੇ ਰੂਟ 'ਤੇ ਟ੍ਰੈਕਟਰ ਲੈ ਕੇ ਦਿੱਲੀ ਅੰਦਰ ਦਾਖਲ ਹੋ ਗਏ। ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਦਾ ਸਾਰਾ ਦੋਸ਼ ਦੀਪ ਸਿੱਧੂ ਦਾ ਕੱਢਿਆ ਜਾ ਰਿਹਾ ਹੈ। ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਆਊਟਰ ਰਿੰਗ ਰੋਡ 'ਤੇ ਜਾਵਾਂਗੇ।


ਉਨ੍ਹਾਂ ਕਿਹਾ 'ਸੰਯੁਕਤ ਕਿਸਾਨ ਮੋਰਚੇ ਨੇ ਵੀ ਇਹੀ ਐਲਾਨ ਕੀਤਾ ਸੀ। ਬਾਅਦ 'ਚ ਸੰਯੁਕਤ ਕਿਸਾਨ ਮੋਰਚਾ ਪਿੱਛੇ ਹਟ ਗਿਆ। ਅਸੀਂ ਪੁਲਿਸ ਵੱਲੋਂ ਰੋਕਣ ਮਗਰੋਂ ਬੈਰੀਕੇਡ ਤੋੜੇ। ਅਸੀਂ ਪੁਲਿਸ ਨੂੰ ਕਹਿ ਰਹੇ ਸੀ ਕਿ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਆਊਟਰ ਰਿੰਗ ਰੋਡ ਜਾਵਾਂਗੇ।'


ਉਨ੍ਹਾਂ ਕਿਹਾ ਲਾਲ ਕਿਲ੍ਹੇ 'ਤੇ ਜਾਣ ਲਈ ਅਸੀਂ ਜ਼ਿੰਮਵਾਰ ਨਹੀਂ। ਲਾਲ ਕਿਲ੍ਹੇ 'ਤੇ ਦੀਪ ਸਿੱਧੂ ਗਿਆ ਤੇ ਉਹੀ ਇਸ ਦਾ ਜ਼ਿੰਮੇਵਾਰ ਹੈ। ਉਨ੍ਹਾਂ ਸਵਾਲ ਕੀਤਾ ਕਿ ਦੀਪ ਸਿੱਧੂ ਨੂੰ ਲਾਲ ਕਿਲ੍ਹੇ 'ਤੇ ਪੁਲਿਸ ਨੇ ਕਿਉਂ ਨਹੀਂ ਰੋਕਿਆ? ਦੀਪ ਸਿੱਧੂ ਸਰਕਾਰ ਦਾ ਬੰਦਾ ਹੈ। ਅਸੀਂ ਆਊਟਰ ਰਿੰਗ ਰੋਡ ਤੋਂ ਵਾਪਸ ਆ ਗਏ। ਪੁਲਿਸ ਜਾਂਚ ਵਿੱਚ ਸਹਿਯੋਗ ਕਰਾਂਗੇ। ਸੰਯੁਕਤ ਕਿਸਾਨ ਮੋਰਚਾ ਨਾਲ ਗੱਲ ਕਰਾਂਗਾ ਲਾਲ ਕਿਲ੍ਹੇ ਤੇ ਜੋ ਹੋਇਆ ਉਸ ਦਾ ਜ਼ਿੰਮੇਵਾਰ ਮੈਂ ਨਹੀਂ।


ਜ਼ਿਕਰਯੋਗ ਹੈ ਕਿ ਲਾਲ ਕਿਲ੍ਹੇ 'ਚ ਦਾਖਲ ਹੋ ਕੇ ਕਿਸਾਨਾਂ ਨੇ ਆਪਣੇ ਝੰਡੇ ਲਾ ਦਿੱਤੇ ਸਨ। ਉੱਥੇ ਕਿਸਾਨ ਤੇ ਪੁਲਿਸ ਵਿੱਚ ਝੜਪ ਵੀ ਹੋਈ। ਪੁਲਿਸ ਨੇ ਕਿਸਾਨਾਂ 'ਤੇ ਡਾਂਗਾ ਵਰ੍ਹਾਈਆਂ। ਇਸ ਤੋਂ ਬਾਅਦ ਲਾਲ ਕਿਲ੍ਹਾ ਖਾਲੀ ਕਰਵਾਇਆ ਗਿਆ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ