ਅੱਜ ਫਿਰ ਲੱਗੀ ਕਿਸਾਨਾਂ ਦੀ ਸੰਸਦ, 200 ਕਿਸਾਨਾਂ ਦਾ ਜਥਾ ਜੰਤਰ-ਮੰਤਰ ਪਹੁੰਚਿਆ
ਸਰਕਾਰ ਨੇ ਕੱਲ੍ਹ ਕਿਸਾਨਾਂ ਨੂੰ ਜੰਤਰ-ਮੰਤਰ ਤੋਂ ਪਾਰ ਨਹੀਂ ਜਾਣ ਦਿੱਤਾ, ਵੱਡੇ-ਵੱਡੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕਿਆ ਗਿਆ ਸੀ।
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਦੇ ਐਲਾਨ ਤੋਂ ਬਾਅਦ, ਕਿਸਾਨ ਸੰਸਦ ਮਾਰਚ ਦੇ ਦੂਸਰੇ ਦਿਨ ਅੱਜ ਸ਼ੁੱਕਰਵਾਰ ਕੁੰਡਲੀ ਬਾਰਡਰ ਤੋਂ 200 ਕਿਸਾਨਾਂ ਦਾ ਜਥਾ 5 ਬੱਸਾਂ ਵਿੱਚ ਦਿੱਲੀ ਅੰਦਰ ਜੰਤਰ-ਮੰਤਰ ਵਿਖੇ ਪਹੁੰਚਿਆ। ਕਿਸਾਨ ਆਗੂਆਂ ਨੇ ਕਿਹਾ ਕੱਲ੍ਹ ਸਰਕਾਰ ਨੇ ਸਾਨੂੰ ਥੋੜ੍ਹਾ ਪ੍ਰੇਸ਼ਾਨ ਕੀਤਾ ਸੀ, ਕੱਲ੍ਹ ਸਾਨੂੰ ਦੋ ਘੰਟੇ ਗੋਲ-ਗੋਲ ਘੁਮਾਉਂਦੇ ਰਹੇ। ਅਸੀਂ ਆਪਣੀ ਸੰਸਦ ਉੱਥੇ ਦੁਪਹਿਰ ਇੱਕ ਵਜੇ ਲਾ ਦਿੱਤੀ ਸੀ।
ਸਰਕਾਰ ਨੇ ਕੱਲ੍ਹ ਕਿਸਾਨਾਂ ਨੂੰ ਜੰਤਰ-ਮੰਤਰ ਤੋਂ ਪਾਰ ਨਹੀਂ ਜਾਣ ਦਿੱਤਾ, ਵੱਡੇ-ਵੱਡੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕਿਆ ਗਿਆ ਸੀ। ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਨਿਰੰਤਰ ਜਾਰੀ ਹੈ। ਕਿਸਾਨ ਮੋਰਚੇ ਦੇ ਸੱਦੇ ਤੋਂ ਬਾਅਦ ਹੀ ਦੂਜੇ ਦਿਨ 200 ਕਿਸਾਨ 5 ਬੱਸਾਂ ਵਿੱਚ ਸਵਾਰ ਹੋ ਕੇ ਦਿੱਲੀ ਲਈ ਰਵਾਨਾ ਹੋਏ।
ਇਸ ਮੌਕੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਕੱਲ੍ਹ ਪਹਿਲਾ ਦਿਨ ਸੀ ਤੇ ਸਰਕਾਰ ਨੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਸੀ ਤੇ ਇਧਰ-ਉਧਰ ਦਿੱਲੀ ਵਿੱਚ ਹੀ ਘੁਮਾਉਂਦੇ ਰਹੇ। ਇਸੇ ਦੌਰਾਨ, ਸਰਕਾਰ ਨੇ ਜੰਤਰ-ਮੰਤਰ ਤੋਂ ਕਿਸੇ ਵੀ ਕਿਸਾਨ ਨੂੰ ਅੱਗੇ ਨਹੀਂ ਜਾਣ ਦਿੱਤਾ। ਉਥੇ ਇੱਕ ਵੱਡਾ ਬੈਰੀਕੇਡ ਸੀ। ਇਸ ਦੇ ਨਾਲ ਹੀ, ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ‘ਕਿਸਾਨ ਸੰਸਦ’ ਅੱਜ ਵੀ ਸਮੇਂ-ਸਿਰ ਹੀ ਸ਼ੁਰੂ ਹੋਵੇਗੀ।
ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਸੰਘਰਸ਼ ਨਿਰੰਤਰ ਜਾਰੀ ਹੈ, ਜਦ ਕਿ ਸੰਯੁਕਤ ਕਿਸਾਨ ਮੋਰਚਾ ਵੱਖ-ਵੱਖ ਰਣਨੀਤੀਆਂ ਬਣਾ ਕੇ ਸਰਕਾਰ' ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਜੋ ਸਰਕਾਰ ਉਨ੍ਹਾਂ ਦੀ ਮੰਗ ਨੂੰ ਜਲਦੀ ਤੋਂ ਜਲਦੀ ਪੂਰਾ ਕਰੇ। ਇਸੇ ਲਈ ਸੰਯੁਕਤ ਕਿਸਾਨ ਮੋਰਚਾ ਨੇ ਸੱਦਾ ਦਿੱਤਾ ਸੀ ਕਿ 22 ਜੁਲਾਈ ਤੋਂ ਸੰਸਦ ਨਿਰੰਤਰ ਚੱਲਣ ਤੱਕ 200 ਕਿਸਾਨ ਰੋਜ਼ਾਨਾ ਦਿੱਲੀ ਜਾਣਗੇ ਤੇ ਆਪਣੀ ਸੰਸਦ ਲਾਇਆ ਕਰਨਗੇ।
ਕਿਸਾਨ ਆਗੂਆਂ ਨੇ ਅੱਜ ਵੀ ਕਿਹਾ ਕਿ ਜੰਤਰ ਮੰਤਰ ਉੱਤੇ ਪ੍ਰਬੰਧਾਂ ਦੀ ਘਾਟ ਵੀ ਸੀ ਪਰ ਅੱਜ ਪ੍ਰਬੰਧ ਮੁਕੰਮਲ ਹੋ ਗਏ ਹਨ ਤੇ ਅੱਜ ਕਿਸਾਨੀ ਸੰਸਦ ਸਮੇਂ ਸਿਰ ਸ਼ੁਰੂ ਹੋਵੇਗੀ। ਕਿਸਾਨ ਨੇਤਾਵਾਂ ਨੇ ਕਿਹਾ ਕਿ ਕੱਲ੍ਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ਨੇ ਆਪਣੀ ਸੰਸਦ ਕਾਇਮ ਕੀਤੀ ਹੈ ਤੇ ਜਿਸ ਦਾ ਪ੍ਰਭਾਵ ਸੰਸਦ ਵਿੱਚ ਵੀ ਵੇਖਿਆ ਗਿਆ।