ਕਿਸਾਨਾਂ ਵੱਲੋਂ ਨਕਲੀ ਤੇ ਅਖੌਤੀ ਆਜ਼ਾਦੀ ਕਰਾਰ, ਦੇਸ਼ ਭਰ 'ਚ ਕੱਢੇ ਮਾਰਚ
ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ’ਤੇ ਦੇਸ਼ ਭਰ ਦੇ ਕਿਸਾਨ ਤਹਿਸੀਲ ਪੱਧਰ ’ਤੇ ‘ਤਿਰੰਗਾ ਰੈਲੀਆਂ’ ਕੱਢ ਰਹੇ ਹਨ।
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਆਜ਼ਾਦੀ ਦਿਵਸ ਮਨਾ ਰਹੀਆਂ ਹਨ, ਪਰ ਇਹ ਨਕਲੀ ਤੇ ਅਖੌਤੀ ਆਜ਼ਾਦੀ ਹੈ ਕਿਉਂਕਿ ਅੰਗਰੇਜ਼ ਸਾਮਰਾਜ ਵੱਲੋਂ ਦੇਸ਼ ਦੀਆਂ ਕੁਝ ਪਾਰਟੀਆਂ ਨਾਲ ਭਾਰਤ ਦੀ ਲੁੱਟ ਜਾਰੀ ਰੱਖਣ ਲਈ ਗੁਪਤ ਸਮਝੌਤੇ ਕੀਤੇ ਗਏ ਸਨ। ਇਸ ਤਰ੍ਹਾਂ ਇਹ ਖਰੀ ਆਜ਼ਾਦੀ ਤੇ ਬਰਾਬਰੀ ਲਈ ਲੜ ਰਹੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਸੀ।
ਉਨ੍ਹਾਂ ਕਿਹਾ ਕਿ ਅੰਗਰੇਜ਼ ਹਾਕਮਾਂ ਵੱਲੋਂ ਬਣਾਏ ਕਾਨੂੰਨਾਂ ਤੇ ਲੋਕ ਵਿਰੋਧੀ ਨੀਤੀਆਂ ਨੂੰ ਨਵੇਂ ਸੋਧੇ ਹੋਏ ਸੰਵਿਧਾਨ ਰਾਹੀਂ ਜਿਉਂ ਦਾ ਤਿਉਂ ਕਾਇਮ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ, ‘‘ਸਾਡਾ ਮੁਲਕ ਭਾਵੇਂ ਆਜ਼ਾਦ ਹੈ, ਪਰ ਭਾਰਤੀ ਲੋਕ ਗ਼ੁਲਾਮ ਹਨ।’’ ਕਿਸਾਨ ਆਗੂ ਨੇ ਕਿਹਾ, ‘‘ਅੰਗਰੇਜ਼ ਸਾਮਰਾਜ ਨੇ 1947 ਵਿੱਚ ਫ਼ਿਰਕੂ ਪੱਤਾ ਖੇਡਦਿਆਂ ਤੇ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡਦਿਆਂ ਵੱਡੀ ਪੱਧਰ ’ਤੇ ਕਤਲੇਆਮ ਤੇ ਉਜਾੜਾ ਕਰਕੇ ਬਹੁਤ ਵੱਡਾ ਨੁਕਸਾਨ ਕੀਤਾ ਹੈ।’’
ਉਧਰ, ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਅੱਜ ‘ਕਿਸਾਨ ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ’ ਮਨਾਇਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਤਹਿਸੀਲ ਪੱਧਰੀ ‘ਵਹੀਕਲ-ਮਾਰਚ’ ਕੀਤਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ’ਤੇ ਦੇਸ਼ ਭਰ ਦੇ ਕਿਸਾਨ ਤਹਿਸੀਲ ਪੱਧਰ ’ਤੇ ‘ਤਿਰੰਗਾ ਰੈਲੀਆਂ’ ਕੱਢ ਰਹੇ ਹਨ। ਕਿਸਾਨ ਲੀਡਰਾ ਨੇ ਕਿਹਾ ਕਿ ਅੱਜ ਤਿਰੰਗਾ ਮਾਰਚ ਵਿੱਚ ਕਿਸਾਨ ਤੇ ਮਜ਼ਦੂਰ ਟਰੈਕਟਰ, ਮੋਟਰਸਾਈਕਲ, ਸਾਈਕਲ ਤੇ ਬਲਦ ਗੱਡੀਆਂ ਲੈ ਕੇ ਹਿੱਸਾ ਲੈ ਰਹੇ ਹਨ।
ਇਸ ਤੋਂ ਇਲਾਵਾ ਅੱਜ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ, ਟੌਲ ਪਲਾਜ਼ਿਆਂ, ਅੰਬਾਨੀ ਤੇ ਅਡਾਨੀ ਟਿਕਾਣਿਆਂ ਤੇ ਪੈਟਰੋਲ ਪੰਪਾਂ ਸਮੇਤ ਸਵਾ ਸੌ ਤੋਂ ਵੱਧ ਥਾਵਾਂ ’ਤੇ ਚੱਲ ਰਹੇ ਧਰਨਿਆਂ ਦੌਰਾਨ ਵੀ ‘ਕਿਸਾਨ ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ’ ਮਨਾਇਆ ਜਾ ਰਿਹਾ ਹੈ।
ਹਰਿਆਣਾ ਵਿੱਚ ਵੀ ਅੱਜ ‘ਕਿਸਾਨ ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ’ ਵਜੋਂ ਮਨਾਇਆ ਜਾ ਰਿਹਾ ਹੈ। ਸੂਬੇ ਵਿੱਚ ‘ਕਿਸਾਨ-ਮਜ਼ਦੂਰ ਆਜ਼ਾਦੀ ਸੰਗਰਾਮ ਮਾਰਚ’ ਕੀਤੇ ਜਾ ਰਹੇ ਹਨ। ਜੀਂਦ ਵਿੱਚ ਔਰਤਾਂ ਦੀ ਅਗਵਾਈ ਵਿੱਚ ਤਿਰੰਗਾ ਮਾਰਚ ਕੱਢੀ ਜਾ ਰਹੀ ਹੈ। ਇਸੇ ਤਰ੍ਹਾਂ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰ ’ਤੇ ਤਿਰੰਗਾ ਮਾਰਚ ਕੱਢੇ ਜਾ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਪ੍ਰਧਾਨ ਰਵੀ ਆਜ਼ਾਦ ਨੇ ਦੱਸਿਆ ਕਿ ਹਰਿਆਣਾ ਵਿੱਚ ਪਿੰਡ, ਬਲਾਕ ਤੇ ਜ਼ਿਲ੍ਹਾ ਪੱਧਰ ’ਤੇ ‘ਕਿਸਾਨ-ਮਜ਼ਦੂਰ ਆਜ਼ਾਦੀ ਸੰਗਰਾਮ ਮਾਰਚ’ ਕੱਢੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 200 ਦੇ ਕਰੀਬ ਥਾਵਾਂ ’ਤੇ ਮਾਰਚ ਕੱਢੇ ਜਾ ਰਹੇ ਹਨ।