Uttar Pradesh News : ਕਈ ਵਾਰੀ ਜ਼ਿਆਦਾ ਗੁੱਸਾ ਅਤੇ ਲੜਾਈ ਮੁਸੀਬਤ ਬਣ ਜਾਂਦੀ ਹੈ ਅਤੇ ਅਜਿਹਾ ਹੀ ਵਾਪਰਿਆ ਫਿਰੋਜ਼ਾਬਾਦ ਦੇ ਫਰੀਹਾ ਥਾਣਾ ਖੇਤਰ ਦੇ ਪਿੰਡ ਰੱਖਵਾਲੀ ਵਿੱਚ, ਜਿੱਥੇ ਅੱਜ ਇੱਕ ਕੁੱਤੇ ਨੂੰ ਲੈ ਕੇ ਪਿੰਡ ਵਿੱਚ ਰਹਿਣ ਵਾਲੀਆਂ ਦੋ ਧਿਰਾਂ ਵਿੱਚ ਮਾਮੂਲੀ ਝਗੜਾ ਹੋ ਗਿਆ। ਇਸ ਗੱਲ ਨੂੰ ਲੈ ਕੇ ਦੋਵੇਂ ਧਿਰਾਂ ਨੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਇੱਕ ਧਿਰ ਦੇ ਚਾਰ-ਪੰਜ ਵਿਅਕਤੀ ਡੰਡੇ ਲੈ ਕੇ ਆਏ ਅਤੇ ਦੂਜੇ ਪੱਖ ਦੇ ਘਰ ਜਾ ਕੇ ਉਨ੍ਹਾਂ 'ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਉਥੇ ਮੌਜੂਦ 65 ਸਾਲਾ ਕਿਸ਼ਨ ਲਾਲ ਨੂੰ ਵੀ ਗੁੰਡਿਆਂ ਨੇ ਡੰਡਿਆਂ ਨਾਲ ਕੁੱਟਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

 


 

ਜਦੋਂ ਉਸ ਦੀ ਨੂੰਹ ਵੀਰਮਾ ਦੇਵੀ ਆਪਣੇ ਸਹੁਰੇ ਨੂੰ ਬਚਾਉਣ ਆਈ ਤਾਂ ਗੁੰਡਿਆਂ ਨੇ ਉਸ ਦੇ ਵੀ ਸਿਰ 'ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਸਰਕਾਰੀ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਹੱਤਿਆ ਦੀ ਖਬਰ ਮਿਲਦੇ ਹੀ ਥਾਣਾ ਫਰੀਹਾ ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲੀਸ ਨੇ ਕਤਲ ਦੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੇ ਕੁਝ ਪਰਿਵਾਰਕ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ :  ਲਖਬੀਰ ਲੰਡਾ ਪੰਜਾਬ 'ਚ ਕਰਵਾ ਰਿਹੈ ਧਮਾਕੇ ! NIA ਨੇ ਸਿਰ 'ਤੇ ਰੱਖਿਆ ਇਨਾਮ



ਮ੍ਰਿਤਕ ਦੇ ਪਰਿਵਾਰ ਦੀ ਔਰਤ ਸੁਧਾ ਦੇਵੀ ਨੇ ਦੱਸਿਆ ਕਿ ਕੁੱਤੇ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਗਾਲ੍ਹਾਂ ਕੱਢਣ ਲੱਗ ਪਏ ਤਾਂ ਚਾਰ-ਪੰਜ ਵਿਅਕਤੀ ਹੱਥਾਂ ਵਿੱਚ ਡੰਡੇ ਲੈ ਕੇ ਆਏ ਅਤੇ ਲੜਾਈ ਸ਼ੁਰੂ ਕਰ ਦਿੱਤੀ। ਇਸ ਵਿੱਚ ਸਾਡੇ ਬਾਬਾ ਕਿਸ਼ਨਲਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਸਾਡੀ ਭੈਣ ਜ਼ਖ਼ਮੀ ਹੋ ਗਈ ,ਜਿਸ ਨੂੰ ਹਸਪਤਾਲ ਲਿਆਂਦਾ ਗਿਆ ਹੈ।

ਐਸਪੀ ਨੇ ਕੀ ਦੱਸਿਆ



ਐਸਪੀ ਦਿਹਾਤੀ ਰਣਵਿਜੇ ਸਿੰਘ ਨੇ ਦੱਸਿਆ ਕਿ ਥਾਣਾ ਫਰੀਹਾ ਖੇਤਰ ਦੇ ਪਿੰਡ ਰੱਖਵਾਲੀ ਵਿੱਚ ਅੱਜ ਦੁਪਹਿਰ ਇੱਕ ਕੁੱਤੇ ਨੂੰ ਲੈ ਕੇ ਦੋ ਗੁਆਂਢੀਆਂ ਵਿੱਚ ਲੜਾਈ ਹੋ ਗਈ। ਇਕ ਪਾਸੇ ਤੋਂ ਆਏ ਲੋਕਾਂ ਨੇ ਦੂਜੀ ਧਿਰ 'ਤੇ ਡੰਡਿਆਂ ਨਾਲ ਵਾਰ ਕੀਤਾ, ਜਿਸ 'ਚ ਇਕ ਬਜ਼ੁਰਗ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉਸ ਦੇ ਪਰਿਵਾਰ ਦੀ ਇਕ ਔਰਤ ਵੀ ਜ਼ਖਮੀ ਹੋਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਕਤਲ ਦੇ ਦੋਸ਼ੀ ਦੇ ਪਰਿਵਾਰ ਦੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।