ਨਵੀਂ ਦਿੱਲੀ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਦੱਖਣ ਅਫ਼ਰੀਕਾ ਲਿਜਾਣ ਵਾਲੇ ਵੀਆਈਪੀ ਜਹਾਜ਼ ਨਾਲ 14 ਮਿੰਟਾਂ ਲਈ ਸੰਪਰਕ ਟੁੱਟ ਗਿਆ ਜਿਸ ਪਿੱਛੋਂ ਮੌਰਿਸ਼ਸ ਹਵਾਈ ਆਵਾਜਾਈ ਕੰਟਰੋਲ ਦੇ ‘ਪੈਨਿਕ ਬਟਨ’ ਦੱਬਣ ਨਾਲ ਅਫ਼ਰੀ-ਤਫ਼ਰੀ ਮੱਚ ਗਈ। ਇੰਡੀਅਨ ਏਅਰਪੋਰਟ ਅਥਾਰਿਟੀ (ਏਏਆਈ) ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਆਈਐਫਸੀ 31 ਕੱਲ੍ਹ ਮਾਲੇ ਏਟੀਸੀ ਤੋਂ ਮੌਰਿਸ਼ਿਸ ਦੇ ਹਵਾਈ ਖੇਤਰ ਲਈ ਰਵਾਨਾ ਹੋਣ ਪਿੱਛੋਂ ਸੰਪਰਕ ਨਹੀਂ ਬਣ ਸਕਿਆ।
ਜਾਣਕਾਰੀ ਮੁਤਾਬਕ ਨਿਰਧਾਰਿਤ 30 ਮਿੰਟ ਦੇ ਸਮੇਂ ਦੀ ਉਡੀਕ ਕੀਤੇ ਬਗ਼ੈਰ ਅਲਰਟ ਜਾਰੀ ਕੀਤਾ ਗਿਆ ਜਿਸ ਨੂੰ ਜਹਾਜ਼ ਦੀ ਭਾਸ਼ਾ ਵਿੱਚ INCERFA ਕਿਹਾ ਜਾਂਦਾ ਹੈ।
ਏਏਆਈ ਨੇ ਕਿਹਾ ਕਿ ਮੌਰਿਸ਼ਿਸ ਏਟੀਸੀ ਨੇ ਤੈਅ ਸੀਮਾ 30 ਮਿੰਟਾਂ ਦਾ ਇੰਤਜ਼ਾਰ ਕੀਤੇ ਬਿਨ੍ਹਾਂ ਏਟੀਸੀ ਸਰਗਰਮ ਕਰ ਦਿੱਤਾ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਜਹਾਜ਼ ਵਿੱਚ ਵੀਆਈਪੀ ਮੰਤਰੀ ਸਵਾਰ ਸੀ।
ਜਾਣਕਾਰੀ ਮੰਤਰੀ ਨੂੰ ਲਿਜਾਣ ਵਾਲੇ ਜਹਾਜ਼ ਦੀ ਰੈਂਜ ਜ਼ਿਆਦਾ ਨਾ ਹੋਣ ਕਾਰਨ ਇਸ ਨੂੰ ਤਿਰੂਵਨੰਤਪੁਰਮ ਤੇ ਮੌਰਿਸ਼ਿਸ ਵਿੱਚ ਤੇਲ ਭਰਵਾਉਣ ਲਈ ਰੋਕਣਾ ਪਿਆ।
ਏਏਆਈ ਨੇ ਦੱਸਿਆ ਕਿ ਮੌਰਿਸ਼ਿਸ ਏਟੀਸੀ ਦੇ ਹਵਾਲੇ ਕੀਤੇ ਜਾਣ ਤੋਂ ਤੁਰੰਤ ਬਾਅਦ ਇਹ ਘਟਨਾ ਹੋਈ ਜਿਸ ਕਾਰਨ ਹਲਚਲ ਮੱਚ ਗਈ ਸੀ ਪਰ ਕੁਝ ਸਮੇਂ ਬਾਅਦ ਦੁਬਾਰਾ ਸੰਪਰਕ ਹੋਣ ਪਿੱਛੋਂ ਉਨ੍ਹਾਂ ਨੂੰ ਸੁੱਖ ਦਾ ਸਾਹ ਆਇਆ।