ਪਟਨਾ: ਬਿਹਾਰ ਦੇ ਕਈ ਇਲਾਕਿਆਂ ਵਿਚ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਬਾਰਸ਼ ਹੋ ਰਹੀ ਹੈ। ਇਸ ਦੌਰਾਨ ਹਾਦਸਿਆਂ ਵਿੱਚ 23 ਲੋਕਾਂ ਦੀ ਮੌਤ ਹੋ ਗਈ। ਐਤਵਾਰ ਨੂੰ ਭਾਗਲਪੁਰ ਜ਼ਿਲੇ 'ਚ ਕੰਧ ਡਿੱਗਣ ਕਾਰਨ 6 ਤੇ ਪਟਨਾ 'ਚ ਆਟੋ 'ਤੇ ਰੁੱਖ ਡਿੱਗਣ ਕਾਰਨ 6 ਲੋਕਾਂ ਦੀ ਜਾਨ ਚਲੀ ਗਈ। ਪਟਨਾ ਵਿੱਚ ਸ਼ਨੀਵਾਰ ਨੂੰ ਬਾਰਸ਼ ਦਾ ਪਿਛਲੇ 10 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਸ਼ਨੀਵਾਰ ਨੂੰ 177 ਮਿਮੀ ਬਾਰਸ਼ ਹੋਈ।


ਇਸ ਦੌਰਾਨ ਸੂਬੇ ਦੇ 22 ਜ਼ਿਲ੍ਹਿਆਂ ਅੰਦਰ ਹੜ੍ਹਾਂ ਦਾ ਖ਼ਤਰਾ ਬਣ ਗਿਆ ਹੈ। ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਨੂੰ ਬਾਰਸ਼ ਤੋਂ ਕੋਈ ਰਾਹਤ ਨਹੀਂ ਮਿਲੇਗੀ। ਸੂਬਾ ਸਰਕਾਰ ਨੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ 15 ਅਕਤੂਬਰ ਤੱਕ ਹਾਈ ਅਲਰਟ ‘ਤੇ ਰਹਿਣ ਦੇ ਆਦੇਸ਼ ਦਿੱਤੇ ਹਨ।



ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 30 ਸਤੰਬਰ ਤਕ ਅਜਿਹਾ ਮੌਸਮ ਬਣਿਆ ਰਹੇਗਾ। ਪਟਨਾ ਵਿੱਚ ਵੀ ਸ਼ਨੀਵਾਰ ਨੂੰ ਭਾਰੀ ਬਾਰਸ਼ ਹੋਈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਸੂਬੇ ਦੇ ਪੰਜ ਮੰਤਰੀ ਨੰਦ ਕਿਸ਼ੋਰ ਯਾਦਵ (ਸੜਕ ਨਿਰਮਾਣ ਮੰਤਰੀ), ਕ੍ਰਿਸ਼ਨ ਨੰਦਨ ਵਰਮਾ (ਸਿੱਖਿਆ ਮੰਤਰੀ), ਸੁਰੇਸ਼ ਸ਼ਰਮਾ (ਸ਼ਹਿਰੀ ਵਿਕਾਸ ਮੰਤਰੀ), ਸੰਤੋਸ਼ ਨਿਰਾਲਾ (ਟਰਾਂਸਪੋਰਟ ਮੰਤਰੀ) ਤੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਦੇ ਘਰ ਵੀ ਪਾਣੀ-ਪਾਣੀ ਹੋਏ ਪਏ ਹਨ।