ਨਵੀਂ ਦਿੱਲੀ: ਅਸਮ, ਪੱਛਮੀ ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਆਏ ਹੜ੍ਹਾਂ ਕਾਰਨ ਭਾਰਤੀ ਰੇਲਵੇ ਨੂੰ ਬੀਤੇ ਸੱਤ ਦਿਨਾਂ ਵਿੱਚ ਤਕਰੀਬਨ 150 ਕਰੋੜ ਦਾ ਨੁਕਸਾਨ ਹੋਇਆ ਹੈ। ਰੇਲਵੇ ਦੇ ਬੁਲਾਰੇ ਅਨਿਲ ਸਕਸੇਨਾ ਮੁਤਾਬਕ ਹੜ੍ਹਾਂ ਕਾਰਨ ਪੂਰਬ-ਉੱਤਰੀ ਸੂਬਿਆਂ ਵਿੱਚ ਢੋਏ ਜਾਣ ਵਾਲੇ ਮਾਲ ਤੋਂ ਪ੍ਰਾਪਤ ਹੋਣ ਵਾਲੇ ਰੋਜ਼ਾਨਾ 12 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

ਇਸ ਤੋਂ ਇਲਾਵਾ ਹੜ੍ਹਾਂ ਕਾਰਨ ਨੁਕਸਾਨੀਆਂ ਰੇਲ ਮਾਰਗਾਂ ਦੀ ਮੁਰੰਮਤ ਲਈ ਤਕਰੀਬਨ 10 ਕਰੋੜ ਦਾ ਖ਼ਰਚ ਹੋਣ ਦਾ ਅੰਦਾਜ਼ਾ ਹੈ। ਇਸ ਤੋਂ ਇਲਾਵਾ ਮੱਧ ਰੇਲਵੇ ਨੂੰ ਰੋਜ਼ਾਨਾ 5.5 ਕਰੋੜ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ, ਜਦਕਿ ਇੱਥੇ ਮੁਰੰਮਤ ਲਈ 5 ਕਰੋੜ ਰੁਪਏ ਖ਼ਰਚ ਹੋਣ ਦਾ ਅੰਦਾਜ਼ਾ ਹੈ।

ਬੁਲਾਰੇ ਨੇ ਦੱਸਿਆ ਕਿ ਕੁੱਲ 445 ਰੇਲਾਂ ਰੱਦ ਕੀਤੀਆਂ ਗਈਆਂ ਜਦਕਿ 151 ਨੂੰ ਜਿੱਥੋਂ ਤਕ ਹੋ ਸਕਦਾ ਸੀ, ਚਲਾਇਆ ਗਿਆ ਤੇ 4 ਟ੍ਰੇਨਾਂ ਨੂੰ ਬਦਲਵੇਂ ਰਸਤਿਆਂ ਤੋਂ ਚਲਾਇਆ ਗਿਆ ਹੈ।