ਨਵੀਂ ਦਿੱਲੀ: ਦਿੱਲੀ ਸਮੇਤ ਪੂਰੇ ਉੱਤਰੀ ਭਾਰਤ 'ਚ ਕਾਫੀ ਠੰਢ ਪਈ ਹੈ। ਸੰਘਣੀ ਧੁੰਦ ਤੇ ਕੋਹਰੇ ਨੇ ਹਵਾਈ ਤੇ ਰੇਲ ਆਵਾਜਾਈ ਦੀਆਂ ਦਿੱਕਤਾਂ ਵਧਾ ਦਿੱਤੀਆਂ। ਤਕਨੀਕੀ ਦਿੱਕਤਾਂ ਦੇ ਚੱਲਦਿਆਂ ਦਿੱਲੀ ਆਉਣ ਵਾਲੀਆਂ 38 ਟਰੇਨਾਂ ਲੇਟ ਹਨ, 5 ਦਾ ਸਮਾਂ ਤਬਦੀਲ ਕੀਤਾ ਗਿਆ ਤੇ 18 ਟਰੇਨਾਂ ਨੂੰ ਰੱਦ ਕਰਨਾ ਪਿਆ ਹੈ। ਇਸੇ ਤਰ੍ਹਾਂ ਹੀ ਕਈ ਫਲਾਈਟਾਂ ਰੱਦ ਹੋਈਆਂ ਹਨ ਤੇ ਕਈਆਂ 'ਚ ਦੇਰੀ ਹੋਈ ਹੈ।
ਹਵਾਈ ਅੱਡੇ ਦੇ ਅਧਿਕਾਰੀ ਮੁਤਾਬਕ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਕੋਹਰੇ ਕਾਰਨ 198 ਘਰੇਲੂ ਤੇ ਕੌਮਾਂਤਰੀ ਉਡਾਣਾਂ ਵਿੱਚ ਦੇਰੀ ਹੋਈ। ਮੌਸਮ ਖ਼ਰਾਬ ਹੋਣ ਕਾਰਨ 11 ਉਡਾਣਾਂ ਨੂੰ ਰੱਦ ਹੀ ਕਰ ਦਿੱਤਾ ਗਿਆ।
ਮੌਸਮ ਵਿਭਾਗ ਮੁਤਾਬਕ ਦਿੱਲੀ ਦਾ ਤਾਪਮਾਨ 14.3 ਡਿਗਰੀ ਦਰਜ ਕੀਤਾ ਗਿਆ। ਇਹ ਆਮ ਤੌਰ 'ਤੇ ਰਹਿਣ ਵਾਲੇ ਤਾਪਮਾਨ ਤੋਂ ਵੱਧ ਹੈ ਜਿਸ ਕਾਰਨ ਹੀ ਆਵਾਜਾਈ 'ਚ ਵੱਡੀ ਸਮੱਸਿਆਵਾਂ ਆ ਰਹੀਆਂ ਹਨ। ਕੱਲ੍ਹ ਨੂੰ ਵੀ ਧੁੰਦ ਰਹਿਣ ਦੀ ਉਮੀਦ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਤੇ ਘੱਟੋ-ਘੱਟ 6 ਡਿਗਰੀ ਰਹਿ ਸਕਦਾ ਹੈ।
ਧੁੰਦ ਕਾਰਨ ਵਿਜ਼ੀਬਿਲਟੀ ਘੱਟ ਕੇ 50 ਮੀਟਰ ਤੋਂ ਵੀ ਘੱਟ ਹੋ ਗਈ। ਇਸ ਵਿੱਚ ਮਗਰੋਂ ਥੋੜ੍ਹਾ ਸੁਧਾਰ ਵੀ ਦਰਜ ਕੀਤਾ ਗਿਆ। ਕੋਹਰੇ ਕਾਰਨ ਟ੍ਰੇਨਾਂ ਦੇ ਨਾਲ-ਨਾਲ ਹਵਾਈ ਸਫ਼ਰ ਵੀ ਪ੍ਰਭਾਵਿਤ ਹੋਇਆ। ਇੱਕ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਵੀ ਇਸੇ ਤਰ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।