ਨਵੀਂ ਦਿੱਲੀ: ਇੱਥੋਂ ਦੀ ਅਦਾਲਤ ਨੇ ਨੌਜਵਾਨ ਵੱਲੋਂ ਬਜ਼ੁਰਗ ਨੂੰ ਨਾਲੇ ਵਿੱਚ ਧੱਕਾ ਦੇਣ ਦੇ ਦੋਸ਼ ਵਿੱਚ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੇ ਬਜ਼ੁਰਗ ਕੋਲੋਂ 500 ਰੁਪਏ ਖੋਹਣ ਲਈ ਉਸ ਨੂੰ ਨਾਲ਼ੇ ਵਿੱਚ ਧੱਕਾ ਦੇ ਦਿੱਤਾ ਸੀ ਤੇ ਬਜ਼ੁਰਗ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।
ਮਾਮਲਾ 9 ਮਾਰਚ 2017 ਦਾ ਹੈ ਜਦੋਂ ਇੱਕ ਸਕੂਲ ਦੇ ਬਾਹਰ ਪੀੜਤ ਬਜ਼ੁਰਗ ਆਪਣੇ ਪੁੱਤਰ ਨਾਲ ਖੜ੍ਹਾ ਸੀ ਤਾਂ ਉਸ ਸਮੇਂ ਦੋਸ਼ੀ 37 ਸਾਲਾ ਰਮਨ ਨੇ 500 ਰੁਪਏ ਖੋਹਣ ਸਮੇਂ ਉਸ ਨਾਲ ਧੱਕਾ-ਮੁੱਕੀ ਕੀਤੀ ਤੇ ਇੱਟ ਨਾਲ ਵਾਰ ਕਰਦਿਆਂ ਉਸ ਨੂੰ ਨਾਲੇ ’ਚ ਧੱਕਾ ਦੇ ਦਿੱਤਾ।
ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸਤਿੰਦਰ ਕੁਮਾਰ ਗੌਤਮ ਨੇ ਰਮਨ ਨੂੰ 5 ਸਾਲ ਦੀ ਸਜ਼ਾ ਸੁਣਾਈ ਅਤੇ 50 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਹਾਲਾਂਕਿ ਅਦਾਲਤ ਨੇ ਆਪਣੇ ਹੁਕਮ ’ਚ ਕਿਹਾ ਕਿ ਦੋਸ਼ੀ ਦਾ ਮਕਸਦ ਬਜ਼ੁਰਗ ਨੂੰ ਮਾਰਨਾ ਨਹੀਂ ਸੀ, ਪਰ ਉਹ ਇਹ ਜਾਣਦਾ ਸੀ ਕਿ ਉਸ ਦੀ ਇਸ ਹਰਕਤ ਨਾਲ ਪੀੜਤ ਦੀ ਜਾਨ ਜਾ ਸਕਦੀ ਹੈ।