ਨਵੀਂ ਦਿੱਲੀ-ਧੁੰਦ ਜਾਂ ਖਰਾਬ ਮੌਸਮ 'ਚ ਵੀ ਰੇਲ ਗੱਡੀਆਂ ਹੁਣ ਤੇਜ਼ ਰਫ਼ਤਾਰ ਨਾਲ ਚੱਲਣਗੀਆ। ਫਿਲਹਾਲ ਰੇਲ ਗੱਡੀਆਂ ਖਰਾਬ ਮੌਸਮ ਜਾਂ ਧੁੰਦ ਦੀ ਸਥਿਤੀ 'ਚ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਦੀਆਂ ਹਨ, ਜੋ ਵਧ ਕੇ 75 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਵੇਗੀ।

ਰੇਲਵੇ ਬੋਰਡ ਨੇ ਬੀਤੀ 2 ਫਰਵਰੀ ਨੂੰ ਹੋਈ ਮੀਟਿੰਗ ਦੌਰਾਨ ਇਸ ਸਬੰਧੀ ਨੀਤੀਗਤ ਫ਼ੈਸਲਾ ਕੀਤਾ ਸੀ। ਬੋਰਡ ਨੇ ਬੁੱਧਵਾਰ ਨੂੰ ਸਾਰੇ ਰੇਲਵੇ ਜ਼ੋਨਾਂ ਨੂੰ ਭੇਜੇ ਇਕ ਪੱਤਰ 'ਚ ਕਿਹਾ ਕਿ ਰੇਲ ਇੰਜਣ 'ਚ ਧੁੰਦ ਨਾਲ ਜੁੜੇ ਉਪਕਰਨਾਂ ਦੀ ਵਰਤੋਂ ਨਾਲ ਹੁਣ ਖਰਾਬ ਮੌਸਮ 'ਚ ਵੀ ਰੇਲਗੱਡੀ ਦੀ ਰਫ਼ਤਾਰ 75 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਜੀ. ਪੀ. ਐਸ. ਨਾਲ ਲੈਸ ਧੁੰਦ ਨਾਲ ਸਬੰਧਿਤ ਸੁਰੱਖਿਆ ਉਪਕਰਨ ਰੇਲ ਗੱਡੀ ਦੇ ਚਾਲਕ ਨੂੰ ਆਉਣ ਵਾਲੇ ਸਿਗਨਲ ਦੀ ਜਾਣਕਾਰੀ ਦੇਣਗੇ | ਇਸ ਉਪਕਰਨ ਦੀ ਵਰਤੋਂ ਵੱਖ-ਵੱਖ ਰੇਲਵੇ ਜ਼ੋਨਾਂ 'ਚ ਕੀਤੀ ਜਾ ਰਹੀ ਹੈ।