ਚੰਡੀਗੜ੍ਹ: ਲੋਕਾਂ ਤੋਂ ਪੈਸੇ ਠੱਗਣ ਦਾ ਨਵਾਂ ਤਰੀਕਾ ਸਾਹਮਣੇ ਆਇਆ ਹੈ, ਜਿਸ ਵਿੱਚ ਵਿਦੇਸ਼ੀ ਮੂਲ ਦੀਆਂ ਮੁਟਿਆਰਾਂ ਭਾਰਤੀ ਨੌਜਵਾਨਾਂ ਨੂੰ ਆਪਣਾ ਦੀਵਾਨਾ ਬਣਾ ਕੇ ਹਜ਼ਾਰਾਂ ਰੁਪਏ ਲੁੱਟਦੀਆਂ ਹਨ। ਇਹ ਵਿਦੇਸ਼ੀ ਔਰਤਾਂ ਪਹਿਲਾਂ ਫੇਸਬੁੱਕ ਤੇ ਫਿਰ ਹੌਲੀ-ਹੌਲੀ ਵ੍ਹੱਟਸਐਪ ਰਾਹੀਂ ਭਾਰਤੀ ਮਰਦਾਂ ਨਾਲ ਸੰਪਰਕ ਬਣਾਉਂਦੀਆਂ ਹਨ। ਫਿਰ ਉਹ ਭਾਰਤ ਘੁੰਮਣ ਦੀ ਇੱਛਾ ਜਤਾਉਂਦੀਆਂ ਹਨ ਤੇ ਚਾਅ ਵਿੱਚ ਆਏ ਭਾਰਤੀ ਵਿਅਕਤੀ ਉਸ ਦੇ ਸਵਾਗਤ ਲਈ ਤਿਆਰ ਖੜ੍ਹੇ ਹੁੰਦੇ ਹਨ, ਪਰ ਇਸ ਦੌਰਾਨ ਮੁਟਿਆਰਾਂ ਉਨ੍ਹਾਂ ਨੂੰ ਆਪਣੇ ਮੁਸੀਬਤ ਵਿੱਚ ਫਸ ਜਾਣ ਬਾਰੇ ਦੱਸਦੀਆਂ ਹਨ।

ਮੁਟਿਆਰਾਂ ਖ਼ੁਦ ਨੂੰ ਦਿੱਲੀ ਜਾਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚਣ ਬਾਰੇ ਦੱਸਦੀਆਂ ਹਨ। ਇਸ ਮਗਰੋਂ ਭਾਰਤੀ ਨੰਬਰ ਤੋਂ ਫ਼ੋਨ ਆਉਂਦਾ ਹੈ ਤੇ ਖ਼ੁਦ ਨੂੰ ਇਮੀਗ੍ਰੇਸ਼ਨ ਅਧਿਕਾਰੀ ਦੱਸਦਾ ਹੈ। ਉਹ ਕਹਿੰਦਾ ਹੈ ਕਿ ਤੁਹਾਡੀ ਦੋਸਤ ਇੱਥੇ ਮੌਜੂਦ ਹੈ ਪਰ ਇਸ ਕੋਲ ਯੈਲੋ ਕਾਰਡ ਨਹੀਂ ਹੋਵੇਗਾ ਤਾਂ ਏਅਰਪੋਰਟ ਤੋਂ ਬਾਹਰ ਨਹੀਂ ਆ ਸਕਦੀ। ਯੈਲੋ ਕਾਰਡ ਲਈ 30,000 ਰੁਪਏ ਤੋਂ ਲੈ ਕੇ 1.50 ਲੱਖ ਰੁਪਏ ਤਕ ਦੀ ਮੰਗ ਕੀਤੀ ਜਾਂਦੀ ਹੈ। ਵਿਦੇਸ਼ੀ ਦੋਸਤ ਵੀ ਦਬਾਅ ਪਾਉਂਦੀ ਹੈ ਕਿ ਉਸ ਦਾ ਕਾਰਡ 48 ਘੰਟਿਆਂ ਵਿੱਚ ਚਾਲੂ ਹੋ ਜਾਵੇਗਾ, ਫਿਰ ਉਹ ਸਾਰੇ ਪੈਸੇ ਵਾਪਸ ਕਰ ਦੇਵੇਗੀ।

ਭਾਰਤੀ ਵਿਅਕਤੀ ਮਹਿਲਾ ਮਿੱਤਰ ਨੂੰ ਮਿਲਣ ਦੀ ਤਾਂਘ ਵਿੱਚ ਹਾਜ਼ਾਰਾਂ ਤੇ ਲੱਖਾਂ ਰੁਪਏ ਦਾ ਭੁਗਤਾਨ ਕਰਨ ਤੋਂ ਨਹੀਂ ਝਿਜਕਦੇ। ਆਨਲਾਈਨ ਟ੍ਰਾਂਸਫਰ ਰਾਹੀਂ ਪੈਸੇ ਮਿਲਣ ਮਗਰੋਂ ਔਰਤਾਂ ਭਾਰਤੀ ਵਿਅਕਤੀ ਨੂੰ ਬਲਾਕ ਕਰ ਦਿੰਦੀਆਂ ਹਨ। ਫੇਸਬੁੱਕ 'ਤੇ ਖ਼ੁਦ ਨੂੰ ਡਾਕਟਰ, ਇੰਜਨੀਅਰਸ, ਫਾਰਮਾਸਿਸਟ, ਫੈਸ਼ਨ ਡਿਜ਼ਾਈਨਰ, ਬਿਜ਼ਨਸ ਵੁਮੈਨ ਜਾਂ ਕਿਸੇ ਵੱਡੀ ਕੰਪਨੀ 'ਚ ਉੱਚੇ ਅਹੁਦੇ 'ਤੇ ਤਾਇਨਾਤ ਦੱਸਦੀਆਂ ਹਨ। ਮਾਮਲਾ ਫੇਸਬੁੱਕ ਤੋਂ ਫਰੈਂਡ ਰਿਕੁਐਸਟ ਭੇਜਣ ਤੋਂ ਸ਼ੁਰੂ ਹੋ ਕੇ ਵ੍ਹੱਟਸਐਪ ਚੈਟ ਤਕ ਆਉਂਦਾ ਹੈ ਫਿਰ ਪੈਸੇ ਹੜੱਪ ਕੇ ਬਲਾਕ ਹੋਣ ਦੇ ਨਾਲ ਖ਼ਤਮ ਹੁੰਦਾ ਹੈ। ਇਸ ਦੌਰਾਨ ਔਰਤਾਂ ਆਪਣੀ ਤਸਵੀਰਾਂ ਭੇਜ ਤੇ ਖੁੱਲ੍ਹ ਕੇ ਗੱਲਬਾਤ ਜਾਂ ਚੈਟ ਕਰ ਕੇ ਲੋਕਾਂ ਦਾ ਵਿਸ਼ਵਾਸ ਜਿੱਤਦੀਆਂ ਹਨ।

ਪੂਰੇ ਭਾਰਤ ਵਿੱਚ ਅਜਿਹੇ ਮਾਮਲੇ ਵੱਡੀ ਗਿਣਤੀ 'ਚ ਸਾਹਮਣੇ ਆਏ ਹਨ। ਇਕੱਲੀ ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਨੇ 270 ਮਾਮਲੇ ਦਰਜ ਕੀਤੇ ਹਨ, ਜਿਸ ਵਿੱਚ ਵਿਦੇਸ਼ੀ ਮੁਟਿਆਰਾਂ ਨੇ ਹਨੀ ਟ੍ਰੈਪ ਵਿੱਚ ਫਸਾ ਕੇ ਲੋਕਾਂ ਤੋਂ ਪੈਸੇ ਠੱਗੇ ਹਨ। ਸਾਈਬਰ ਸੈੱਲ ਪੁਲਿਸ ਦੇ ਅਧਿਕਾਰੀਆਂ ਦੀ ਲੋਕਾਂ ਨੂੰ ਅਪੀਲ ਹੈ ਕਿ ਅਜਿਹੇ ਮਾਮਲੇ ਹੱਲ ਹੋਣ ਵਿੱਚ ਕਾਫੀ ਸਮਾਂ ਲੱਗਦਾ ਹੈ ਇਸ ਲਈ ਅਣਪਛਾਤੇ ਲੋਕਾਂ ਨੂੰ ਆਪਣੀ ਨਿੱਜੀ ਜਾਣਕਾਰੀ ਦੇਣਾ ਗ਼ਲਤ ਹੈ। ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ।