ਨਵੀਂ ਦਿੱਲੀ: ਦੇਸ਼ ਵਿੱਚ ਹਨੂੰਮਾਨ ਬਾਰੇ ਸਿਆਸੀ ਬਿਆਨਬਾਜ਼ੀ ਥੰਮ੍ਹਣ ਦਾ ਨਾਂਅ ਨਹੀਂ ਲੈ ਰਹੀ ਹੈ। ਨੇਤਾਵਾਂ ਦੇਰਮਿਆਨ ਹਨੂੰਮਾਨ ਦੀ ਜਾਤ ਤੇ ਧਰਮ ਬਾਰੇ ਟਿੱਪਣੀਆਂ ਕਰਨ ਦੀ ਦੌੜ ਲੱਗੀ ਹੋਈ ਹੈ। ਤਾਜ਼ਾ ਟਿੱਪਣੀਆਂ ਵਿੱਚ ਸਭ ਤੋਂ ਪਹਿਲਾਂ ਰਾਜਸਥਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਨੂੰਮਾਨ ਨੂੰ ਦਲਿਤ ਦੱਸਿਆ ਸੀ। ਪਰ ਹੁਣ ਯੋਗੀ ਦੇ ਮੰਤਰੀ ਤੇ ਸਾਬਕਾ ਕ੍ਰਿਕੇਟਰ ਨੇ ਹਨੂੰਮਾਨ ਨੂੰ ਖਿਡਾਰੀ ਕਰਾਰ ਦਿੱਤਾ ਹੈ।


ਯੂਪੀ ਦੇ ਖੇਡ ਤੇ ਨੌਜਵਾਨ ਭਲਾਈ ਮੰਤਰੀ ਚੇਤਨ ਚੌਹਾਨ ਨੇ ਹਨੂੰਮਾਨ ਨੂੰ ਖਿਡਾਰੀ ਕਰਾਰ ਦਿੱਤਾ ਹੈ। ਉਨ੍ਹਾਂ ਦਲੀਲ ਦਿੰਦਿਆਂ ਕਿਹਾ ਹੈ ਕਿ ਹਨੂੰਮਾਨ ਜੀ ਕੁਸ਼ਤੀ ਲੜਦੇ ਸਨ ਤੇ ਖਿਡਾਰੀ ਵੀ ਸਨ। ਅਮਰੋਹਾ ਵਿੱਚ ਬਿਆਨ ਦਿੰਦਿਆਂ ਚੌਹਾਨ ਨੇ ਕਿਹਾ ਕਿ ਜਿੰਨੇ ਵੀ ਭਲਵਾਨ ਹਨ, ਉਨ੍ਹਾਂ ਦੀ ਪੂਜਾ ਕਰਦੇ ਹਨ। ਸਾਬਕਾ ਕ੍ਰਿਕੇਟਰ ਨੇ ਕਿਹਾ ਕਿ ਮੇਰਾ ਵੀ ਇਹੋ ਮੰਨਣਾ ਹੈ ਅਤੇ ਉਹ ਸਾਡੇ ਇਸ਼ਟ ਹਨ। ਉਨ੍ਹਾਂ ਕਿਹਾ ਕਿ ਭਗਵਾਨ ਦੀ ਕੋਈ ਜਾਤ ਨਹੀਂ ਹੁੰਦੀ ਅਤੇ ਨਾ ਹੀ ਉਹ ਉਨ੍ਹਾਂ ਨੂੰ ਜਾਤ ਵਿੱਚ ਵੰਡਣਾ ਨਹੀਂ ਚਾਹੁੰਦੇ।