ਨਵੀਂ ਦਿੱਲੀ: ਫ੍ਰੀਡਮ 251 ਸਮਾਰਟਫੋਨ ਦੇ ਫਾਊਂਡਰ ਮੋਹਿਤ ਗੋਇਲ ਇਕ ਵਾਰ ਫਿਰ ਸੁਰਖੀਆਂ 'ਚ ਹਨ। ਇਸ ਵਾਰ ਉਨ੍ਹਾਂ ਨੂੰ ਡ੍ਰਾਈ ਫਰੂਟ ਫਰੌਡ ਕੇਸ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੋਹਿਤ ਤੇ ਡ੍ਰਾਈ ਫਰੂਟ ਬਿਜ਼ਨਸ ਦੇ ਨਾਂਅ 'ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 200 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਹਨ। ਨੌਇਡਾ ਪੁਲਿਸ ਨੇ ਡ੍ਰਾਈ ਫਰੂਟ ਫਰੌਡ ਕੇਸ 'ਚ ਵਪਾਰੀਆਂ ਨੂੰ ਕਥਿਤ ਤੌਰ 'ਤੇ ਧੋਖਾ ਦੇਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।


ਨੌਇਡਾ ਪੁਲਿਸ ਦੇ ਮੁਤਾਬਕ ਮੋਹਿਤ ਗੋਇਲ ਆਪਣੇ ਪੰਜ ਸਾਥੀਆਂ ਨਾਲ ਨੌਇਡਾ 'ਚ ਇਕ ਪ੍ਰੀਮੀਅਮ ਆਫਿਸ ਲੋਕੇਸ਼ਨ ਤੇ ਦੁਬਈ ਡ੍ਰਾਈ ਫਰੂਟਸ ਐਂਡ ਸਪਾਇਸਸ ਹਬ ਨਾਮਕ ਕੰਪਨੀ ਦੇ ਤਹਿਤ ਡ੍ਰਾਈ ਫਰੂਟ ਦਾ ਕਾਰੋਬਾਰ ਚਲਾ ਰਿਹਾ ਸੀ। ਉਸ ਨੇ ਡ੍ਰਾਈ ਫਰੂਟ ਦੇ ਕਾਰੋਬਾਰ ਦੇ ਨਾਂਅ 'ਤੇ ਉੱਤਰ ਪ੍ਰਦੇਸ਼, ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਤੇ ਕੁਝ ਹੋਰ ਸੂਬਿਆਂ ਦੇ ਵਪਾਰੀਆਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਹੈ।

ਪੁਲਿਸ ਮੁਤਾਬਕ ਮੋਹਿਤ ਖ਼ਿਲਾਫ ਧੋਖਾਧੜੀ ਦੀਆਂ 40 ਸ਼ਿਕਾਇਤਾਂ ਦਰਜ ਹੋਈਆਂ ਹਨ। ਪੁਲਿਸ ਦੀ ਰਿਪੋਰਟ ਦੇ ਮੁਤਾਬਕ ਵਪਾਰੀਆਂ ਦਾ ਵਿਸ਼ਵਾਸ ਜਿੱਤਣ ਲਈ ਮੋਹਿਤ ਦਾ ਗਿਰੋਹ ਪਹਿਲਾਂ ਹੀ ਆਮ ਬਜ਼ਾਰਾਂ ਦੇ ਮੁਕਾਬਲੇ ਵੱਧ ਕੀਮਤ 'ਤੇ ਡ੍ਰਾਈ ਫਰੂਟਸ ਖਰੀਦਦਾ ਸੀ ਤੇ ਉਨ੍ਹਾਂ ਦਾ ਭਰੋਸਾ ਜਿੱਤਣ ਲਈ ਸਮੇਂ 'ਤੇ ਭੁਗਤਾਨ ਕਰਦੇ ਸਨ।

ਵਪਾਰੀਆਂ ਦਾ ਵਿਸ਼ਵਾਸ ਜਿੱਤਣ ਮਗਰੋਂ ਗਿਰੋਹ ਨੇ ਬਾਅਦ 'ਚ ਥੋਕ 'ਚ ਆਰਡਰ ਦਿੱਤੇ ਤੇ ਇਨ੍ਹਾਂ ਆਰਡਰਸ ਦਾ 40 ਫੀਸਦ ਨੈੱਟ ਬੈਂਕਿੰਗ ਰਾਹੀਂ ਐਡਵਾਂਸ ਭੁਗਤਾਨ ਕਰ ਦਿੱਤਾ। ਜਦਕਿ ਬਾਕੀ ਪੈਸੇ ਚੈੱਕ ਰਾਹੀਂ ਭੁਗਤਾਨ ਕਰਨ ਦਾ ਭਰੋਸਾ ਦੇ ਦਿੱਤਾ। ਬਾਅਦ 'ਚ ਬਚੇ ਹੋਏ ਭੁਗਤਾਨ ਲਈ ਚੈੱਕ ਜਾਰੀ ਕੀਤੇ ਗਏ ਜੋ ਬੈਂਕ 'ਚ ਬਾਊਂਸ ਹੋ ਗਏ।

ਵਿਵਾਦਾਂ ਨਾਲ ਮੋਹਿਤ ਦਾ ਪੁਰਾਣਾ ਰਿਸ਼ਤਾ

ਮੋਹਿਤ ਗੋਇਲ 2016 'ਚ ਉਸ ਸਮੇਂ ਸੁਰਖੀਆਂ 'ਚ ਆਏ ਸਨ ਜਦੋਂ ਉਨ੍ਹਾਂ ਦੀ ਕੰਪਨੀ ਰਿੰਗਿੰਗ ਬੈਲਸ ਨੇ 251 ਰੁਪਏ 'ਚ ਫ੍ਰੀਡਮ 251 ਸਮਾਰਟਫੋਨ ਦਾ ਐਲਾਨ ਕੀਤਾ ਸੀ। ਏਨੇ ਘੱਟ ਰੁਪਇਆਂ 'ਚ ਟੈਗ ਦੇ ਨਾਲ ਇਹ ਯੋਜਨਾ ਸਰਕਾਰ ਦੀਆਂ ਨਜ਼ਰਾਂ 'ਚ ਆ ਗਈ। ਗੋਇਲ ਨੇ ਦਾਅਵਾ ਕੀਤਾ ਸੀ ਕਿ ਕੰਪਨੀ ਨੂੰ 50 ਮਿਲਿਅਨ ਤੋਂ ਜ਼ਿਆਦਾ ਸਮਾਰਟਫੋਨ ਦੇ ਆਰਡਰ ਮਿਲੇ। ਪਰ ਇਹ ਸਮਾਰਟਫੋਨ ਕਦੇ ਡਿਲੀਵਰ ਨਹੀਂ ਹੋਏ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ