ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀ ਕੀਮਤਾਂ ਵਿੱਚ ਰਿਕਾਰਡ ਵਾਧਾ ਹੋ ਰਿਹਾ ਹੈ। ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 12 ਪੈਸੇ ਦਾ ਵਾਧਾ ਹੋਰ ਦਰਜ ਕੀਤਾ ਗਿਆ, ਜਿਸ ਨਾਲ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਇਤਿਹਾਸ ਵਿੱਚ 80 ਰੁਪਏ 50 ਪੈਸੇ ਫ਼ੀ ਲੀਟਰ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਡੀਜ਼ਲ ਦੀਆਂ ਕੀਮਤਾਂ ਵੀ 10 ਪੈਸੇ ਫ਼ੀ ਲੀਟਰ ਵਧ ਕੇ 72 ਰੁਪਏ 61 ਪੈਸੇ ਤਕ ਪਹੁੰਚ ਚੁੱਕੀ ਹੈ। ਪੈਟਰੋਲ-ਡੀਜ਼ਲ ਦੀਆਂ ਅਸਮਾਨੀਂ ਚੜ੍ਹੀਆਂ ਕੀਮਤਾਂ 'ਤੇ ਕੇਂਦਰ ਸਰਕਾਰ ਕੋਈ ਕਾਰਵਾਈ ਕਰਨ ਵਿੱਚ ਦਿਲਚਸਪੀ ਨਹੀਂ ਵਿਖਾ ਰਹੀ ਹੈ।
ਦੇਸ਼ ਦੇ ਚਾਰ ਮਹਾਨਗਰਾਂ ਵਿੱਚੋਂ ਮੁੰਬਈ ਵਿੱਚ ਤੇਲ ’ਤੇ ਟੈਕਸ ਸਭ ਤੋਂ ਜ਼ਿਆਦਾ ਹਨ। ਤੇਲ ਕੀਮਤਾਂ ਵਿੱਚ ਭਾਰੀ ਵਾਧਾ ਹੋਣ ਕਾਰਨ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ ਤੇ ਆਬਕਾਰੀ ਡਿਊਟੀ ਵਿਚ ਕਮੀ ਕਰਨ ਤੇ ਪੈਟਰੋਲ ਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਹੇਠ ਲਿਆਉਣ ਦੀ ਮੰਗ ਉੱਠ ਰਹੀ ਹੈ। ਹਾਲਾਂਕਿ, ਵਿੱਤ ਮੰਤਰੀ ਅਰੁਣ ਜੇਤਲੀ ਅਜੇ ਇਸ ਗੱਲ ’ਤੇ ਅੜੇ ਹੋਏ ਹਨ ਕਿ ਕੌਮਾਂਤਰੀ ਤੇਲ ਕੀਮਤਾਂ ਵਿੱਚ ਉਤਰਾਅ ਚੜਾਅ ਦਾ ਮਾਹੌਲ ਬਣਿਆ ਹੋਇਆ ਹੈ। ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਆਖਿਆ ਕਿ ਦੇਸ਼ ਦੇ ਲੋਕਾਂ ਨੂੰ ਤੇਲ ਕੀਮਤਾਂ ਬਾਰੇ ਜ਼ਿਆਦਾ ਫਿਕਰਮੰਦ ਹੋਣ ਦੀ ਲੋੜ ਨਹੀਂ ਹੈ।
ਉੱਧਰ, ਵਿਰੋਧੀ ਪਾਰਟੀਆਂ ਨੇ ਆਸਮਾਨੀ ਚੜ੍ਹ ਰਹੀਆਂ ਤੇਲ ਕੀਮਤਾਂ ਖ਼ਿਲਾਫ਼ 10 ਸਤੰਬਰ ਨੂੰ ‘ਭਾਰਤ ਬੰਦ’ ਦਾ ਸੱਦਾ ਦਿੱਤਾ ਹੈ। ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਤੇਲ ਕੀਮਤਾਂ ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ ਕਾਰਨ ਨਹੀਂ ਵਧ ਰਹੀਆਂ ਸਗੋਂ ਇਹ ਬੇਤਹਾਸ਼ਾ ਟੈਕਸਾਂ ਦਾ ਅਸਰ ਹੈ। ਜੇ ਸਰਕਾਰ ਟੈਕਸਾਂ ’ਚ ਕਟੌਤੀ ਕਰੇ ਤਾਂ ਤੇਲ ਕੀਮਤਾਂ ਯਕਦਮ ਘਟ ਜਾਣਗੀਆਂ।