ਨਵੀਂ ਦਿੱਲੀ: ਦੇਸ਼ ਵਿੱਚ ਅੱਜ ਲਗਾਤਾਰ 11ਵੇਂ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ। ਪੈਟਰੋਲ ਦੀ ਕੀਮਤ ਵਿੱਚ 30 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਜਿੱਥੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਾਰਨ ਹਾਹਾਕਾਰ ਮੱਚੀ ਹੋਈ ਹੈ, ਉੱਥੇ ਹੀ ਮੋਦੀ ਸਰਕਾਰ ਨੇ ਇਹ ਸੰਕੇਤ ਦਿੱਤੇ ਹਨ ਕਿ ਤੇਲ ਉੱਪਰ ਲੱਗਿਆ ਟੈਕਸ ਘਟਾਇਆ ਨਹੀਂ ਜਾਵੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਟੈਕਸ ਘੱਟ ਕੀਤਾ ਤਾਂ ਇਸ ਨਾਲ ਕਲਿਆਣਕਾਰੀ ਯੋਜਨਾਵਾਂ ਪ੍ਰਭਾਵਿਤ ਹੋਣਗੀਆਂ।

ਲੀਡਰਾਂ ਦੇ ਵੱਖੋ-ਵੱਖ ਸੁਰ

ਹਾਲਾਂਕਿ, ਮੋਦੀ ਸਰਕਾਰ ਪਿਛਲੇ ਤਿੰਨ ਦਿਨਾਂ ਤੋਂ ਟੈਕਸ ਘਟਾਉਣ ਵੱਲ ਇਸ਼ਾਰਾ ਕਰ ਰਹੀ ਸੀ, ਪਰ ਹਾਲੇ ਤਕ ਕੁਝ ਨਹੀਂ ਕੀਤਾ ਗਿਆ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ ਤਕ ਦੇ ਸਭ ਤੋਂ ਸਿਖਰਲੇ ਪੱਧਰ ਯਾਨੀ 77 ਰੁਪਏ 47 ਪੈਸੇ ਫ਼ੀ ਲੀਟਰ ਤਕ ਪਹੁੰਚ ਗਿਆ ਹੈ। ਪੈਟਰੋਲ ਤੇ ਡੀਜ਼ਲ ਦੇ ਵਧਦੇ ਮੁੱਲ 'ਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਸਰਕਾਰ ਇਸ 'ਤੇ ਚਰਚਾ ਤੇ ਚਿੰਤਾ ਦੋਵੇਂ ਕਰ ਰਹੀ ਹੈ ਤੇ ਛੇਤੀ ਹੀ ਕੋਈ ਹੱਲ ਕੱਢਿਆ ਜਾਵੇਗਾ। ਹਾਲਾਂਕਿ, ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਹੋਈ ਕੈਬਨਿਟ ਬੈਠਕ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬਾਰੇ ਕੋਈ ਵਿਚਾਰ ਚਰਚਾ ਨਹੀਂ ਕੀਤੀ ਗਈ।

ਮਹਿੰਗਾਈ 'ਤੇ ਥਾਂ-ਥਾਂ ਪ੍ਰਦਰਸ਼ਨ

ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਤੇ ਦੇਸ਼ ਭਰ ਵਿੱਚ ਲੋਕ ਗੁੱਸੇ ਵਿੱਚ ਹਨ। ਭੁਪਾਲ ਤੇ ਗੁਹਾਟੀ ਵਿੱਚ ਲੋਕ ਸੜਕਾਂ 'ਤੇ ਉੱਤਰ ਆਏ ਹਨ। ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਲੋਕਾਂ ਦਾ ਕਹਿਣਾ ਹੈ ਕਿ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ, ਮੋਦੀ ਸਰਕਾਰ ਦੇਸ਼ ਨੂੰ ਬਰਬਾਦੀ ਦੇ ਕੰਢੇ 'ਤੇ ਲੈ ਆਈ ਹੈ ਤੇ ਆਮ ਲੋਕਾਂ ਦਾ ਜਿਉਣਾ ਮੁਸ਼ਕਲ ਹੋ ਗਿਆ ਹੈ।

ਇੱਕ ਲੀਟਰ 'ਤੇ 40 ਰੁਪਏ 'ਟੈਕਸ'

ਜ਼ਿਕਰਯੋਗ ਹੈ ਕਿ ਪੈਟਰੋਲ ਦੀ ਕੀਮਤ ਸਿਰਫ਼ 37 ਰੁਪਏ ਹੈ, ਪਰ ਸਰਕਾਰ ਇੱਕ ਲੀਟਰ ਪੈਟਰੋਲ 'ਤੇ 40 ਰੁਪਏ ਟੈਕਸ ਤੇ ਹੋਰ ਖ਼ਰਚੇ ਵਸੂਲ ਰਹੀ ਹੈ। ਦਰਅਸਲ, ਦਿੱਲੀ ਵਿੱਚ ਡੀਲਰ ਇੱਕ ਲੀਟਰ ਪੈਟਰੋਲ 37.65 ਰੁਪਏ ਫ਼ੀ ਲੀਟਰ ਦੇ ਹਿਸਾਬ ਨਾਲ ਖਰੀਦ ਰਿਹਾ ਹੈ, ਇਸ 'ਤੇ ਉਹ ਤਿੰਨ ਰੁਪਏ 63 ਪੈਸੇ ਕਮਿਸ਼ਨ ਵਸੂਲਤਾ ਹੈ। 19 ਰੁਪਏ 48 ਪੈਸੇ ਐਕਸਾਈਜ਼ ਡਿਊਟੀ ਤੇ 16 ਰੁਪਏ 41 ਪੈਸੇ ਵੈਟ ਵਜੋਂ ਵਸੂਲਿਆ ਜਾ ਰਿਹਾ ਹੈ। ਇਸ ਤਰ੍ਹਾਂ ਇੱਕ ਲੀਟਰ ਪੈਟਰੋਲ 'ਤੇ 39 ਰੁਪਏ 52 ਪੈਸੇ 'ਟੈਕਸ' ਵਸੂਲਿਆ ਜਾ ਰਿਹਾ ਹੈ।