ਪ੍ਰਸ਼ਾਸਨ ਨੇ ਚਮਗਿੱਦੜਾਂ ਦੇ ਸੈਂਪਲ ਲੈ ਲਏ ਹਨ। ਸਰਕਾਰੀ ਸਕੂਲ ਦੇ ਬੱਚਿਆਂ ਨੂੰ ਨਿਪਾਹ ਵਾਇਰਸ ਬਾਰੇ ਜਾਗਰੂਕ ਕੀਤਾ ਗਿਆ ਹੈ। ਕੇਰਲ ਵਿੱਚ ਜਾਨਲੇਵਾ ਵਾਇਰਸ ਨਿਪਾਹ ਕਾਰਨ ਹੁਣ ਤਕ 11 ਜਣਿਆਂ ਦੀ ਮੌਤ ਹੋ ਗਈ ਹੈ।
ਘਟਨਾ ਜ਼ਿਲ੍ਹਾ ਹੈੱਡਕੁਆਟਰ ਨਜ਼ਦੀਕ ਬਰਮਾ ਪਾਪੜੀ ਸਕੂਲ ਦੀ ਹੈ ਜਿੱਥੇ ਇੱਕ ਦਰੱਖ਼ਤ ’ਤੇ ਕਰੀਬ 20 ਮਰੇ ਹੋਏ ਚਮਗਿੱਦੜ ਮਿਲੇ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨ ਨੇ ਮੌਕੇ ’ਤੇ ਟੀਮ ਭੇਜੀ ਤੇ ਮ੍ਰਿਤਕ ਚਮਗਿੱਦੜਾਂ ਦੇ ਸੈਂਪਲ ਲਏ ਗਏ।
ਡੀਸੀ ਦੇ ਹੁਕਮਾਂ ਬਾਅਦ ਸਹਾਇਕ ਕਮਿਸ਼ਨਰ ਐਸਐਸ ਰਾਠੌਰ ਦੀ ਅਗਵਾਈ ਹੇਠ ਸਿਹਤ ਵਿਭਾਗ, ਪਸ਼ੂ ਪਾਲਣ ਵਿਭਾਗ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ।
ਮੌਕੇ ’ਤੇ ਪੁੱਜੀ ਟੀਮ ਨੇ ਸਥਾਨਕ ਲੋਕਾਂ ਤੇ ਸਕੂਲੀ ਬੱਚਿਆਂ ਨੂੰ ਜਾਨਲੇਵਾ ਨਿਪਾਹ ਵਾਇਰਸ ਬਾਰੇ ਜਾਣੂ ਕਰਾਉਂਦਿਆਂ ਇਸ ਦੇ ਲੱਛਣਾਂ ਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ। ਹਾਲਾਂਕਿ ਅਧਿਕਾਰੀਆਂ ਨੇ ਨਿਪਾਹ ਵਾਇਰਸ ਦੇ ਖ਼ਦਸ਼ੇ ਨੂੰ ਖਾਰਜ ਕਰ ਦਿੱਤਾ ਹੈ।
ਸਕੂਲ ਦੀ ਪ੍ਰਿੰਸੀਪਲ ਸੁਪਰਣਾ ਭਾਰਦਵਾਜ ਨੇ ਦੱਸਿਆ ਕਿ ਇਸ ਮੌਸਮ ਦੌਰਾਨ ਅਕਸਰ ਸਕੂਲ ਵਿੱਚ ਚਮਗਿੱਦੜ ਆਉਂਦੇ ਹਨ ਪਰ ਅਜਿਹਾ ਪਹਿਲੀ ਦਫ਼ਾ ਹੋਇਆ ਹੈ।
ਨਿਪਾਹ ਵਾਇਰਸ ਚਮਗਾਦੜਾਂ ਤੋਂ ਫੈਲਦਾ ਹੈ। ਜਦ ਚਮਗਿੱਦੜ ਫਲਾਂ ਵਿੱਚ ਦੰਦ ਮਾਰਦੇ ਹਨ ਤਾਂ ਉਹ ਫਲ ਇਨਫੈਕਟਿਡ ਹੋ ਜਾਂਦੇ ਹਨ। ਇਨ੍ਹਾਂ ਨੂੰ ਖਾਣ ਵਾਲੇ ਵਿਅਕਤ ਇਸ ਵਾਇਰਸ ਦੀ ਲਪੇਟ ਵਿੱਚ ਆ ਸਕਦੇ ਹਨ। ਇਸੇ ਤਰ੍ਹਾਂ ਚਮਗਾਦੜਾਂ ਦੇ ਸੰਪਰਕ ਵਿੱਚ ਆਉਣ ਨਾਲ ਇਹ ਵਾਇਰਸ ਸੂਅਰਾਂ ਵਿੱਚ ਵੀ ਫੈਲਦਾ ਹੈ।