ਅਰਨੀਆ (ਜੰਮੂ): ਭਾਰਤ-ਪਾਕਿ ਸਰਹੱਦ 'ਤੇ 1971 ਦੀ ਜੰਗ ਤੋਂ ਵੀ ਮਾੜੇ ਹਾਲਾਤ ਬਣ ਗਏ ਹਨ। ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਭਾਰੀ ਗੋਲਾਬਾਰੀ ਕਰਕੇ ਸਰਹੱਦੀ ਪਿੰਡ ਖਾਲੀ ਹੋ ਗਏ ਹਨ। ਹਜ਼ਾਰਾਂ ਲੋਕ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ਉਤੇ ਚਲੇ ਹਏ ਹਨ। ਇਸ ਕਾਰਨ ਚਹਿਲ-ਪਹਿਲ ਵਾਲਾ ਅਰਨੀਆ ਕਸਬਾ ਉਜਾੜ ਦਾ ਰੂਪ ਧਾਰ ਗਿਆ ਹੈ। ਕਸਬੇ ਨੇੜਲੇ 100 ਦੇ ਕਰੀਬ ਸਰਹੱਦੀ ਪਿੰਡਾਂ ਦਾ ਵੀ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਨੇ ਇਹੋ ਹਾਲ ਕਰ ਦਿੱਤਾ ਹੈ।


 

ਲੋਕਾਂ ਦਾ ਕਹਿਣਾ ਹੈ ਕਿ 1971 ਦੀ ਜੰਗ ਤੋਂ ਬਾਅਦ ਉਨ੍ਹਾਂ ਇੰਨੀ ਭਾਰੀ ਗੋਲਾਬਾਰੀ ਪਹਿਲੀ ਵਾਰ ਦੇਖੀ ਹੈ। ਅਰਨੀਆ ਦੇ 78 ਸਾਲਾ ਬਿਸ਼ਨ ਦਾਸ ਦਾ ਕਹਿਣਾ ਹੈ ਕਿ ਜੰਗ ਵਿੱਚ ਵੀ ਆਮ ਲੋਕਾਂ ਨੂੰ ਪਾਕਿਸਤਾਨ ਵੱਲੋਂ ਇਸ ਤਰ੍ਹਾਂ ਨਿਸ਼ਾਨਾ ਨਹੀਂ ਬਣਾਇਆ ਗਿਆ। ਹੁਣ ਤਾਂ ਗੋਲੇ ਸਿੱਧੇ ਘਰਾਂ ਉਤੇ ਡਿੱਗ ਰਹੇ ਹਨ।

ਅਰਨੀਆ ਕੌਮਾਂਤਰੀ ਸਰਹੱਦ ਤੋਂ ਮਹਿਜ਼ ਪੰਜ ਕਿਲੋਮੀਟਰ ਦੇ ਫ਼ਾਸਲੇ ’ਤੇ ਹੈ, ਜਿਸ ਦੀ ਆਬਾਦੀ 18500 ਤੋਂ ਵੱਧ ਹੈ। ਕਸਬੇ ਲਾਗਲੇ ਪਿੰਡਾਂ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ ਤੇ ਘਰਾਂ ਨੂੰ ਚੋਰੀਆਂ ਆਦਿ ਤੋਂ ਬਚਉਣ ਲਈ ਹੁਣ ਗਿਣਤੀ ਦੇ ਲੋਕ ਤੇ ਪੁਲਿਸ ਜਵਾਨ ਹੀ ਬਚੇ ਹਨ। ਇਲਾਕੇ ਵਿੱਚੋਂ 76 ਹਜ਼ਾਰ ਦੇ ਕਰੀਬ ਲੋਕ ਹਿਜਰਤ ਕਰ ਗਏ ਹਨ।