ਨਵੀਂ ਦਿੱਲੀ: ਪੰਜਾਬ-ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਅਗਲੇ ਦਿਨ ਗਰਮੀ ਦਾ ਕਹਿਰ ਵਰ੍ਹੇਗਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੇਸ਼ ਦੇ ਉੱਤਰੀ ਤੇ ਕੇਂਦਰੀ ਹਿੱਸੇ ਵਿੱਚ ਇਸ ਹਫ਼ਤੇ ਪਾਰਾ ਹੇਠਾਂ ਆਉਣ ਦੇ ਆਸਾਰ ਦਿਖਾਈ ਨਹੀਂ ਦੇ ਰਹੇ। ਵਿਭਾਗ ਨੇ 27 ਮਈ ਤਕ ਗਰਮ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ ਹਰਿਆਣਾ, ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਰੈੱਡ ਕੋਡਿਡ ਅਲਰਟ ਜਾਰੀ ਕੀਤਾ ਹੈ ਜਿਸ ਵਿੱਚ ਏਜੰਸੀਆਂ ਨੂੰ ਐਕਸ਼ਨ ਲੈਣ ਦੀ ਲੋੜ ਹੁੰਦੀ ਹੈ।
ਪਿਛਲੇ ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਹਰਿਆਣਾ ਦੇ ਹਿਸਾਰ ਵਿੱਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 45.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਆਮ ਨਾਲੋਂ 4 ਡਿਗਰੀ ਵੱਧ ਸੀ।
ਚੰਡੀਗੜ੍ਹ, ਭਿਵਾਨੀ, ਕਰਨਾਲ ਤੇ ਅੰਬਾਲਾ ਵਿੱਚ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 42.6, 44.3, 42.2 ਤੇ 42.5 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਪੰਜਾਬ ਵਿੱਚ ਪਟਿਆਲਾ, ਲੁਧਿਆਣਾ ਤੇ ਅੰਮਿ੍ਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 43.4, 43 ਤੇ 41.9 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਅਨੁਸਾਰ ਦੋਵਾਂ ਸੂਬਿਆਂ ’ਚ ਗਰਮ ਹਵਾਵਾਂ ਦਾ ਸਿਲਸਿਲਾ ਅਜੇ ਜਾਰੀ ਰਹੇਗਾ।
ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਆਉਣ ਵਾਲੇ 4-5 ਦਿਨਾਂ ਦੌਰਾਨ ਉੱਤਰੀ ਭਾਰਤ ਦੇ ਰਹਿਣ ਵਾਲਿਆਂ ਨੂੰ ਗਰਮ ਹਵਾਵਾਂ ਦਾ ਸਾਹਮਣਾ ਕਰਨਾ ਪਵੇਗਾ। ਅਧਿਕਾਰੀਆਂ ਮੁਤਾਬਕ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਿੱਚ ਗਰਮ ਹਵਾਵਾਂ ਚੱਲਗੀਆਂ ਤੇ ਪਾਰਾ 45 ਦੇ ਪਾਰ ਜਾ ਸਕਦਾ ਹੈ। 24 ਮਈ ਨੂੰ ਦਿੱਲੀ ਤੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਇਲਾਕਿਆਂ, ਰਾਜਸਥਾਨ ਤੇ ਯੂਪੀ ਦੇ ਕੁਝ ਹਿੱਸਿਆਂ ਵਿੱਚ ਹਨੇਰੀਆਂ ਚੱਲਣ ਦੀ ਪੇਸ਼ਨਗੋਈ ਕੀਤੀ ਗਈ ਹੈ।