ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਮਸ਼ਹੂਰ ਕਨਾਟ ਪਲੇਸ ਵਿੱਚ ਇੱਕ ਅੱਧਖੜ੍ਹ ਉਮਰ ਦੀ ਔਰਤ ਨੂੰ ਆਪਣੀ ਐਸਯੂਵੀ ਹੇਠ ਦਰੜਣ ਦੇ ਇਲਜ਼ਾਮ ਹੇਠ ਇੱਕ ਮੁਟਿਆਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕਾ ਦੀ ਪਛਾਣ ਫੂਲਵਤੀ (50) ਵਜੋਂ ਹੋਈ ਹੈ, ਉਹ ਗੁਰਦੁਆਰਾ ਬੰਗਲਾ ਸਾਹਿਬ ਦੇ ਰੈਣ ਬਸੇਰੇ ਵਿੱਚ ਰਹਿੰਦੀ ਸੀ। ਕਾਰ ਚਾਲਕ ਦੀ ਸ਼ਨਾਖ਼ਤ ਸ਼੍ਰੇਆ ਅਗਰਵਾਲ (20) ਵਜੋਂ ਹੋਈ ਹੈ, ਉਹ ਟ੍ਰਾਂਸਪੋਰਟਰ ਦੀ ਧੀ ਹੈ। ਉਹ ਮੂਲ ਰੂਪ ਵਿੱਚ ਬਰੇਲੀ ਦੀ ਰਹਿਣ ਵਾਲੀ ਹੈ ਪਰ ਮੁੰਬਈ ਵਿੱਚ ਆਪਣੀ ਪੜ੍ਹਾਈ ਪੂਰੀ ਕਰਕੇ ਆਈ ਹੈ।
ਹਾਦਸਾ ਬੀਤੀ ਦੇਰ ਸ਼ਾਮ ਵਾਪਰਿਆ ਜਦ ਸ਼੍ਰੇਆ ਆਪਣੀਆਂ ਦੋ ਸਹੇਲੀਆਂ ਨਾਲ ਕਾਰ ਵਿੱਚ ਸਵਾਰ ਹੋ ਕੇ ਕਨਾਟ ਪਲੇਸ ਵਿੱਚੋਂ ਲੰਘ ਰਹੀ ਸੀ। ਸ਼੍ਰੇਆ ਨੇ ਦੱਸਿਆ ਕਿ ਉਸ ਕੋਲ ਇੱਕ ਔਰਤ ਪੈਸੇ ਮੰਗਣ ਆਈ ਤੇ ਉਸ ਨੇ ਗੱਡੀ ਥੋੜ੍ਹੀ ਅੱਗੇ ਵਧਾ ਦਿੱਤੀ। ਹੋ ਸਕਦਾ ਹੈ ਉਹ ਔਰਤ ਦੀ ਸਾੜ੍ਹੀ ਕਾਰ ਦੇ ਟਾਇਰ ਵਿੱਚ ਫਸ ਗਈ ਹੋਵੇ, ਉਸ ਨੂੰ ਪਤਾ ਨਹੀਂ ਲੱਗਾ ਤੇ ਹਾਦਸਾ ਵਾਪਰ ਗਿਆ।
ਪੁਲਿਸ ਮੁਤਾਬਕ ਘਟਨਾ ਵਾਲੀ ਥਾਂ ਤੋਂ ਤਕਰੀਬਨ 300 ਮੀਟਰ ਦੂਰ ਪੁਲਿਸ ਚੌਕੀ ਕੋਲ ਉਨ੍ਹਾਂ ਗੱਡੀ ਰੋਕੀ ਤਾਂ ਉਸ ਸਮੇਂ ਵੀ ਪੀੜਤ ਔਰਤ ਕਾਰ ਦੇ ਹੇਠਾਂ ਹੀ ਸੀ। ਮੁਲਜ਼ਮ ਮੁਟਿਆਰ ਦੀ ਮੈਡੀਕਲ ਜਾਂਚ ਕਰਵਾਈ ਗਈ ਤੇ ਪਤਾ ਲੱਗਾ ਕਿ ਉਸ ਨੇ ਸ਼ਰਾਬ ਵਗੈਰਾ ਨਹੀਂ ਸੀ ਪੀਤੀ ਹੋਈ। ਔਰਤ ਦੀ ਮੌਤ ਐਸਯੂਵੀ ਨਾਲ ਤਕਰੀਬਨ 300 ਮੀਟਰ ਤੋਂ ਵੱਧ ਸੜਕ 'ਤੇ ਘੜੀਸੇ ਜਾਣ ਕਰਕੇ ਹੋਈ ਹੈ।
ਪੁਲਿਸ ਨੇ ਕਾਲੇ ਰੰਗ ਦੀ ਐਸਯੂਵੀ ਜੀਪ ਕੰਪਾਸ ਚਲਾ ਰਹੀ ਮੁਟਿਆਰ ਨੂੰ ਗ੍ਰਿਫ਼ਤਾਰ ਕਰ ਤੇ ਉਸ ਦੀ ਕਾਰ ਨੂੰ ਵੀ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਘਟਨਾ ਵਾਪਰਨ ਤੋਂ ਬਾਅਦ ਕਾਰ ਚਾਲਕ ਮੁਟਿਆਰ ਘਬਰਾ ਗਈ ਤੇ ਉੱਥੋਂ ਭੱਜਣ ਲੱਗੀ ਪਰ ਲੋਕਾਂ ਵੱਲੋਂ ਪਿੱਛਾ ਕਰਨ 'ਤੇ ਉਸ ਨੂੰ ਰੁਕਣਾ ਪਿਆ।