ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਬੀਅਰ ਪਸੰਦ ਕਰਨ ਵਾਲਿਆਂ ਲਈ ਚੰਗੀ ਖ਼ਬਰ ਹੈ। ਦਿੱਲੀ ਸਰਕਾਰ ਨੇ ਪਹਿਲੀ ਵਾਰ ਸ਼ਹਿਰ ਵਿੱਚ ਮਾਈਕ੍ਰੋ ਬਰੁਅਰੀਜ਼ ਦੀ ਆਗਿਆ ਦਿੱਤੀ ਹੈ। ਮਾਈਕ੍ਰੋ ਬਰੁਅਰੀਜ਼ ਛੋਟੀ ਭੱਠੀ ਹੁੰਦੀ ਹੈ ਜਿੱਥੇ ਆਮ ਤੌਰ 'ਤੇ ਆਪਣੇ ਖੇਤਰ ਵਿੱਚ ਹੀ ਖਪਤ ਲਈ ਸੀਮਤ ਮਾਤਰਾ ਵਿੱਚ ਬੀਅਰ ਉਤਪਾਦਨ ਕੀਤਾ ਜਾਂਦਾ ਹੈ।
ਦਿੱਲੀ ਮੰਤਰੀ ਮੰਡਲ ਨੇ ਅਜਿਹੇ ਛੋਟੇ ਪੱਬ ਦੇ ਆਬਕਾਰੀ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਤਾਜ਼ੀ ਬੀਅਰ ਦਾ ਸਵਾਦ ਚੱਖਣ ਵਾਲਿਆਂ ਨੂੰ ਹਰਿਆਣਾ ਦੇ ਗੁੜਗਾਓਂ ਤੇ ਫਰੀਦਾਬਾਦ ਜਾਣਾ ਪੈਂਦਾ ਹੈ, ਜਿੱਥੇ ਵੱਡੀ ਮਾਤਰਾ ਵਿੱਚ ਇਸ ਤਰ੍ਹਾਂ ਦੇ ਪੱਬ ਹਨ।
ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ''ਦਿੱਲੀ ਮੰਤਰੀ ਮੰਡਲ ਨੇ ਪਿਛਲੇ ਸਮੇਂ ਵਿੱਚ 2017-18 ਲਈ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਤਹਿਤ ਕੌਮੀ ਰਾਜਧਾਨੀ ਵਿੱਚ ਮਾਈਕ੍ਰੋ ਬਰੁਅਰੀਜ਼ ਦੀ ਆਗਿਆ ਹੋਵੇਗੀ।'' ਹੋਟਲ, ਮਾਲ ਤੇ ਹੋਰ ਸੰਸਥਾਵਾਂ ਜਲਦ ਹੀ ਆਪਣੇ ਗਾਹਕਾਂ ਨੂੰ ਤਾਜ਼ੀ ਬੀਅਰ ਦੀ ਪੇਸ਼ਕਸ਼ ਕਰਨ ਲਈ ਸਮਰੱਥ ਹੋਣਗੇ। ਅਧਿਕਾਰੀ ਨੇ ਦੱਸਿਆ ਕਿ ਦਿੱਲੀ ਵਿੱਚ ਮਾਈਕ੍ਰੋ ਬਰੁਅਰੀ ਖੋਲ੍ਹਣ ਲਈ ਆਬਕਾਰੀ ਵਿਭਾਗ ਕੋਲ ਤਿੰਨ ਅਰਜ਼ੀਆਂ ਪਹਿਲਾਂ ਹੀ ਆਈਆਂ ਹੋਈਆਂ ਹਨ।