ਨਵੀਂ ਦਿੱਲੀ: ਭਾਰਤ ਦੀ ਸਿਫਾਰਸ਼ 'ਤੇ ਸੰਯੁਕਤ ਰਾਸ਼ਟਰ ਮਹਾਂਸਭਾ ਨੇ 21 ਮਈ ਨੂੰ ਅੰਤਰਰਾਸ਼ਟਰੀ ਚਾਹ ਦਿਵਸ ਐਲਾਨ ਦਿੱਤਾ। ਭਾਰਤ ਨੇ ਚਾਰ ਸਾਲ ਪਹਿਲਾਂ ਮਿਲਾਨ 'ਚ ਹੋਈ ਅੰਤਰਰਾਸ਼ਟਰੀ ਬੈਠਕ ਵਿੱਚ ਪ੍ਰਸਤਾਵ ਪੇਸ਼ ਕੀਤਾ ਸੀ। ਇਸ ਤੋਂ ਪਹਿਲਾਂ ਭਾਰਤ ਦੀ ਪਹਿਲ 'ਤੇ ਅੰਤਰਰਾਸ਼ਟਰੀ ਯੋਗ ਦਿਵਸ ਮੱਥਿਆ ਗਿਆ ਸੀ।

ਸੰਯੁਕਤ ਰਾਸ਼ਟਰ ਨੂੰ ਵਿਸ਼ਵਾਸ ਹੈ ਕਿ 21 ਮਈ ਨੂੰ ਅੰਤਰਰਾਸ਼ਟਰੀ ਚਾਹ ਦਿਵਸ ਐਲਾਨੇ ਜਾਣ ਨਾਲ ਚਾਹ ਦੀ ਖ਼ਪਤ ਤੇ ਉਤਪਾਦ 'ਚ ਵਾਧਾ ਹੋਵੇਗਾ ਜੋ ਕੇ ਗ੍ਰਮਿਣ ਖੇਤਰਾਂ ਵਿੱਚ ਭੁੱਖਮਰੀ ਤੇ ਗਰੀਬੀ ਨਾਲ ਲੜਨ ਵਿੱਚ ਮੱਦਦਗਾਰ ਸਾਬਤ ਹੋਵੇਗਾ।

ਸੰਯੁਕਤ ਰਾਸ਼ਟਰ ਮਹਾਂਸਭਾ ਨੇ ਸਾਰੇ ਸਹਿਯੋਗੀ ਦੇਸ਼ਾਂ, ਅੰਤਰਰਾਸ਼ਟਰੀ ਤੇ ਖੇਤਰੀ ਸੰਗਠਨਾਂ ਨੂੰ ਹਰ ਸਾਲ 21 ਮਈ ਨੂੰ ਚਾਹ ਦਿਵਸ ਮਨਾਉਣ ਦੀ ਅਪੀਲ ਕੀਤੀ। ਮਈ ਦਾ ਮਹੀਨਾ ਇਸ ਲਈ ਚੁਣਿਆ ਗਿਆ ਕਿਉਂਕਿ ਇਸ ਮਹੀਨੇ ਨੂੰ ਚਾਹ ਦੇ ਉਤਪਾਦ ਵਾਸਤੇ ਵਧੀਆ ਮੰਨਿਆ ਜਾਂਦਾ ਹੈ।

ਅਜੇ ਤੱਕ ਹਰ ਸਾਲ 15 ਦਸੰਬਰ ਨੂੰ ਚਾਹ ਦਾ ਉਤਪਾਦ ਕਰਨ ਵਾਲੇ ਦੇਸ਼ਾਂ 'ਚ ਅੰਤਰਰਾਸ਼ਟਰੀ ਚਾਹ ਦਿਵਸ ਮਨਾਇਆ ਜਾਂਦਾ ਸੀ। ਇਸ ਵਿੱਚ ਭਾਰਤ, ਨੇਪਾਲ, ਬੰਗਲਾਦੇਸ਼, ਇੰਨਡੋਨੇਸ਼ੀਆ, ਸ਼੍ਰੀਲੰਕਾ ਤੋਂ ਇਲਾਵਾ ਹੋਰ ਕਈ ਦੇਸ਼ ਵੀ ਸ਼ਾਮਲ ਹਨ। ਹਾਲਾਂਕਿ ਇਸ ਦੀ ਸ਼ੁਰੂਆਤ ਇੱਕ ਐਨਜੀਓ ਨੇ ਕੀਤੀ ਸੀ।