ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਹਿੰਦੀ ਭਾਸ਼ਾ ਵਿੱਚ ਵਰਤੇ ਜਾਣ ਵਾਲੇ ਅੱਖਰ ‘ਗੋਰਖਧੰਦਾ’ (ਧੋਖਾਧੜੀ) ਸ਼ਬਦ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੀ ਹੁਣ ਰਾਜ ਵਿੱਚ ਕਿਸੇ ਵੀ ਸੰਦਰਭ ਵਿੱਚ ਵਰਤੋਂ ਨਹੀਂ ਕੀਤੀ ਜਾਵੇਗੀ। ਗੋਰਖਨਾਥ ਭਾਈਚਾਰੇ ਨੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਮੁਲਾਕਾਤ ਕੀਤੀ ਸੀ ਤੇ ਇਸ ਸ਼ਬਦ ਦੀ ਵਰਤੋਂ 'ਤੇ ਇਤਰਾਜ਼ ਜਤਾਇਆ ਸੀ।
ਇਸ ਭਾਈਚਾਰੇ ਦੀ ਮੰਗ 'ਤੇ ਬੁੱਧਵਾਰ ਨੂੰ ਸਰਕਾਰ ਨੇ ਇਸ ਸਬੰਧ 'ਚ ਹੁਕਮ ਜਾਰੀ ਕੀਤਾ ਹੈ। ਦੱਸ ਦੇਈਏ ਕਿ ਇਸ ਸ਼ਬਦ ਦੀ ਵਰਤੋਂ ਕੁਝ ਲੋਕ ਪੰਜਾਬੀ ਬੋਲਦਿਆਂ ਵੀ ਕਰ ਲੈਂਦੇ ਹਨ ਪਰ ਹਰਿਆਣਾ ’ਚ ਹੁਣ ਇਹ ਸ਼ਬਦ ਵਰਤਦੇ ਸਮੇਂ ਸਾਵਧਾਨ ਰਹਿਣਾ ਹੋਵੇਗਾ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਗ਼ੈਰ ਨੈਤਿਕ ਰੀਤਾਂ ਤੇ ਕੰਮਾਂ ਲਈ ਆਮ ਤੌਰ 'ਤੇ ਵਰਤੇ ਜਾਂਦੇ ਸ਼ਬਦ 'ਗੋਰਖਧੰਦਾ' ਦੀ ਵਰਤੋਂ' ਤੇ ਪਾਬੰਦੀ ਲਾਈ ਗਈ ਹੈ। ਇਹ ਫੈਸਲਾ ਗੋਰਖਨਾਥ ਭਾਈਚਾਰੇ ਦੇ ਵਫ਼ਦ ਨੂੰ ਮਿਲਣ ਤੋਂ ਬਾਅਦ ਲਿਆ ਗਿਆ। ਵਫ਼ਦ ਨੇ ਸ਼ਬਦ ਦੀ ਵਰਤੋਂ 'ਤੇ ਪਾਬੰਦੀ ਲਾਉਣ ਦੀ ਅਪੀਲ ਕੀਤੀ ਸੀ।
ਵਫ਼ਦ ਨੇ ਕਿਹਾ ਕਿ ਇਸ ਸ਼ਬਦ ਦੇ ਨਾਂਹ-ਪੱਖੀ ਅਰਥਾਂ ਨੇ ਸੰਤ ਗੋਰਖਨਾਥ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਗੋਰਖਨਾਥ ਇੱਕ ਸੰਤ ਸਨ। ਕਿਸੇ ਵੀ ਸਰਕਾਰੀ ਭਾਸ਼ਾ, ਭਾਸ਼ਣ ਜਾਂ ਕਿਸੇ ਵੀ ਸੰਦਰਭ ਵਿੱਚ ਇਸ ਸ਼ਬਦ ਦੀ ਵਰਤੋਂ ਉਸ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ, ਇਸ ਲਈ ਹੁਣ ਰਾਜ ਵਿੱਚ ਇਸ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਰਾਜ ਵਿੱਚ ਗੁਰੂ ਗੋਰਖਨਾਥ ਦੇ ਬਹੁਤ ਸਾਰੇ ਪੈਰੋਕਾਰ ਹਨ। ਇਸ ਸ਼ਬਦ ਦੀ ਵਰਤੋਂ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਣ ਦਿੱਤੀ ਜਾਵੇਗੀ। ਸਰਕਾਰ ਦਾ ਕੰਮ ਹਰ ਵਰਗ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਹੈ। ਜਦੋਂ ਵੀ ਕਿਸੇ ਭਾਈਚਾਰੇ ਨੇ ਰਾਜ ਦੇ ਕਿਸੇ ਵੀ ਨਾਮ ਜਾਂ ਸ਼ਬਦ 'ਤੇ ਇਤਰਾਜ਼ ਕੀਤਾ ਹੈ, ਸਰਕਾਰ ਨੇ ਜਾਂ ਤਾਂ ਇਸ ਨੂੰ ਬਦਲ ਦਿੱਤਾ ਹੈ ਜਾਂ ਇਸ ਦੀ ਵਰਤੋਂ' ਤੇ ਪਾਬੰਦੀ ਲਗਾ ਦਿੱਤੀ ਹੈ।