ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਦੇਸ਼ ਵਿੱਚ ਚੱਲ ਰਹੇ ਤਾਲਾਬੰਦੀ ਕਾਰਨ ਕਾਰੋਬਾਰ ਤੇ ਸਾਰੇ ਕਾਰਜ ਲਗਭਗ ਠੱਪ ਹਨ ਤੇ ਇਸ ਦਾ ਸਭ ਤੋਂ ਵੱਧ ਅਸਰ ਰੋਜ਼ਾਨਾ ਮਜ਼ਦੂਰ, ਕਿਸਾਨਾਂ ਤੇ ਗਰੀਬ ਵਰਗ ਨੂੰ ਪੈ ਰਿਹਾ ਹੈ। ਅਜਿਹੇ ਲੋਕਾਂ ਦੀ ਮਦਦ ਲਈ, ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਹੁਣ ਤੱਕ 33 ਕਰੋੜ ਤੋਂ ਵੱਧ ਗਰੀਬ ਲੋਕਾਂ ਨੂੰ 31,325 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੇ ਜਾਣ ਦੀ ਗੱਲ ਕੀਤੀ ਹੈ।

ਕਿਸਾਨਾਂ ਨੂੰ ਦਿੱਤੇ 16,146 ਕਰੋੜ ਰੁਪਏ
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਪਹਿਲੀ ਕਿਸ਼ਤ ਦੇ ਤਹਿਤ ਹੁਣ ਤੱਕ ਦੇਸ਼ ਦੇ 8 ਕਰੋੜ ਕਿਸਾਨਾਂ ਨੂੰ 16,146 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। ਦੱਸ ਦੇਈਏ ਕਿ ਇਸ ਦੀ ਪਹਿਲੀ ਕਿਸ਼ਤ ਅਪ੍ਰੈਲ ਮਹੀਨੇ ਵਿੱਚ ਗਰੀਬ ਕਿਸਾਨਾਂ ਦੇ ਖਾਤੇ ਵਿੱਚ ਪਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 2000 ਰੁਪਏ ਦੀ ਪਹਿਲੀ ਕਿਸ਼ਤ ਕਿਸਾਨਾਂ ਦੇ ਖਾਤੇ ਵਿੱਚ ਚਲੀ ਗਈ ਹੈ।



ਕੁੱਲ 1405 ਕਰੋੜ ਰੁਪਏ 2.82 ਕਰੋੜ ਬਜ਼ੁਰਗ-ਦਿਵਯਾਂਗ ਤੇ ਵਿਧਵਾਵਾਂ ਨੂੰ ਵੰਡੇ ਗਏ
ਵਿੱਤ ਮੰਤਰਾਲੇ ਨੇ ਦੱਸਿਆ ਹੈ ਕਿ ਕੁੱਲ ਮਿਲਾ ਕੇ ਹੁਣ ਤੱਕ 1405 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ ਤੇ 2.82 ਕਰੋੜ ਬਜ਼ੁਰਗ, ਵਿਧਵਾ ਤੇ ਅਪਾਹਜ ਵਿਅਕਤੀ ਇਸ ਤੋਂ ਲਾਭ ਲੈ ਚੁੱਕੇ ਹਨ।ਇਸ ਤੋਂ ਇਲਾਵਾ, ਸਰਕਾਰ ਨੇ ਮਜ਼ਦੂਰ ਵਰਗ ਲਈ ਵੀ ਕੰਮ ਕੀਤਾ ਹੈ ਜਿਸ ਤਹਿਤ ਕਰਮਚਾਰੀ ਭਵਿੱਖ ਨਿਧੀ ਲਈ ਯੋਗਦਾਨ ਵਜੋਂ ਹੁਣ ਤੱਕ 162 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ ਅਤੇ ਉਹ 68,775 ਅਦਾਰਿਆਂ ਵਿੱਚ ਚਲੇ ਗਏ ਹਨ। ਇਸ ਨਾਲ ਦੇਸ਼ ਵਿੱਚ ਕੰਮ ਕਰ ਰਹੇ 10.6 ਲੱਖ ਲੋਕਾਂ ਨੂੰ ਫਾਇਦਾ ਹੋਇਆ ਹੈ।




ਮਾਰਚ ਵਿੱਚ ਵਿੱਤ ਮੰਤਰੀ ਨੇ ਰਾਹਤ ਪੈਕੇਜ ਦਾ ਕੀਤਾ ਸੀ ਐਲਾਨ
ਦੱਸ ਦੇਈਏ ਕਿ ਮਾਰਚ ਦੇ ਅਖੀਰਲੇ ਹਫ਼ਤੇ ਵਿੱਤ ਮੰਤਰਾਲੇ ਨੇ ਦੇਸ਼ ਦੇ ਗਰੀਬਾਂ, ਬਜ਼ੁਰਗਾਂ, ਔਰਤਾਂ, ਦਿਵਯਾਂਗ, ਮਜ਼ਦੂਰਾਂ, ਕਿਸਾਨਾਂ ਅਤੇ ਦਿਹਾੜੀ ਮਜ਼ਦੂਰਾਂ ਲਈ 1.70 ਲੱਖ ਕਰੋੜ ਰੁਪਏ ਦੇ ਆਰਥਿਕ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਇਸ ਰਾਸ਼ੀ ਦੀ ਵੰਡ ਦਾ ਐਲਾਨ ਕੀਤਾ ਸੀ।