Corona Pandemic: ਸਰਕਾਰ ਨੇ ਕੋਰੋਨਾ ਵਾਇਰਸ ਕੌਮਾਂਤਰੀ ਮਹਾਂਮਾਰੀ ਕਾਰਨ ਭਾਰਤ 'ਚ ਫਸੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ ਵੀਰਵਾਰ 30 ਸਤੰਬਰ ਤਕ ਵਧਾ ਦਿੱਤੀ। ਬੁਲਾਰੇ ਨੇ ਦੱਸਿਆ ਮਾਰਚ, 2020 ਤੋਂ ਪਹਿਲਾਂ ਵੱਖ-ਵੱਖ ਤਰ੍ਹਾਂ ਦੇ ਵੀਜ਼ਾ ਤੇ ਭਾਰਤ 'ਚ ਆਏ ਕਈ ਵਿਦੇਸ਼ੀ ਨਾਗਰਿਕ ਕੌਮਾਂਤਰੀ ਮਹਾਂਮਾਰੀ ਕਾਰਨ ਹਵਾਈ ਸੇਵਾ ਸਸਪੈਂਡ ਹੋਣ ਕਾਰਨ ਭਾਰਤ 'ਚ ਫਸ ਗਏ ਸਨ। ਇਸ ਲਈ ਇਹ ਫੈਸਲਾ ਲਿਆ ਗਿਆ।
ਬੁਲਾਰੇ ਨੇ ਕਿਹਾ, 'ਕੇਂਦਰ ਸਰਕਾਰ ਨੇ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਦੇ ਲਈ ਨਿਯਮਿਤ ਵੀਜ਼ਾ ਜਾਂ ਈ-ਵੀਜ਼ਾ ਜਾਂ ਰੁਕਣ ਦੀ ਮਿਆਦ ਬਿਨਾਂ ਕਿਸੇ ਜ਼ੁਰਮਾਨੇ ਦੇ ਬਿਨਾਂ ਫੀਸ ਵਿਸਥਾਰ ਦੇਕੇ ਉਨ੍ਹਾਂ ਨੂੰ ਭਾਰਤ 'ਚ ਰਹਿਣ ਦੀ ਸੁਵਿਧਾ ਦਿੱਤੀ ਸੀ।' ਉਨ੍ਹਾਂ ਕਿਹਾ ਇਹ ਸੁਵਿਧਾ ਮੌਜੂਦਾ 31 ਅਗਸਤ, 2021 ਤਕ ਉਪਲਬਧ ਹੈ। ਹੁਣ ਕੇਂਦਰ ਸਰਕਾਰ ਨੇ ਇਸ ਦੀ ਮਿਆਦ 30 ਸਤੰਬਰ, 2021 ਤਕ ਵਧਾ ਦਿੱਤੀ ਹੈ। ਅਜਿਹੇ ਵਿਦੇਸ਼ੀ ਨਾਗਰਿਕਾਂ ਨੂੰ 30 ਸਤੰਬਰ, 2021 ਤਕ ਆਪਣੇ ਵੀਜ਼ਾ ਦੇ ਵਿਸਥਾਰ ਲਈ ਸਬੰਧਤ ਐਫਆਰਆਰਓ/ਐਫਆਰਓ ਨੂੰ ਕੋਈ ਅਰਜ਼ੀ ਦੇਣ ਦੀ ਲੋੜ ਨਹੀਂ ਹੋਵੇਗੀ।
ਦੇਸ਼ ਤੋਂ ਬਾਹਰ ਜਾਣ ਲਈ ਇਜਾਜ਼ਤ ਲਈ ਆਨਲਾਈਨ ਅਰਜ਼ੀ
ਉਹ ਦੇਸ਼ ਤੋਂ ਬਾਹਰ ਜਾਣ ਤੋਂ ਪਹਿਲਾਂ E-FRRO ਪੋਰਟਲ 'ਤੇ ਬਾਹਰ ਜਾਣ ਦੀ ਇਜਾਜ਼ਤ ਲਈ ਅਰਜ਼ੀ ਦੇ ਸਕਦੇ ਹਨ। ਅਧਿਕਾਰੀ ਬਿਨਾਂ ਕਿਸੇ ਜੁਰਮਾਨੇ ਦੇ ਇਹ ਇਜਾਜ਼ਤ ਬਿਨਾਂ ਫੀਸ ਦੇਣਗੇ। ਬੁਲਾਰੇ ਨੇ ਕਿਹਾ ਕਿ ਜੇਕਰ ਕੋਈ 30 ਸਤੰਬਰ ਤੋਂ ਬਾਅਦ ਵੀ ਵੀਜ਼ਾ ਮਿਆਦ 'ਚ ਵਿਸਥਾਰ ਚਾਹੁੰਦਾ ਹੈ ਤਾਂ ਉਹ ਆਨਲਾਈਨ E-FRRO ਮੰਚ 'ਤੇ ਭੁਗਤਾਨ ਦੇ ਆਧਾਰ 'ਤੇ ਅਰਜ਼ੀ ਦੇ ਸਕਦੇ ਹਨ। ਜਿਸ 'ਤੇ ਅਧਿਕਾਰੀ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਵਿਚਾਰ ਕਰਨਗੇ।
ਬੁਲਾਰੇ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਸ਼੍ਰੇਣੀ ਦੇ ਵੀਜ਼ਾ ਲਈ ਭਾਰਤ 'ਚ ਪਹਿਲਾਂ ਤੋਂ ਮੌਜੂਦ ਅਫਗਾਨ ਨਾਗਰਿਕਾਂ ਲਈ ਵੱਖਰੇ ਦਿਸ਼ਾ ਨਿਰਦੇਸ਼ਾਂ ਤਹਿਤ ਵੀਜ਼ਾ ਦੀ ਮਿਆਦ 'ਚ ਵਿਸਥਾਰ ਕੀਤਾ ਜਾਵੇਗਾ।