ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਮਕਾਨ ਖਰੀਦਣ ਵਾਲਿਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਜੀਐਸਟੀ ਕੌਂਸਲ ਦੀ ਬੈਠਕ ਵਿੱਚ ਸਸਤੇ ਘਰਾਂ ਉੱਤੇ ਜੀਐਸਟੀ ਦਰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਸਸਤੇ ਮਕਾਨਾਂ ’ਤੇ ਹੁਣ ਇੱਕ ਫੀਸਦੀ ਜੀਐਸਟੀ ਲੱਗੇਗੀ ਜੋ ਪਹਿਲਾਂ 8 ਫੀਸਦੀ ਸੀ। ਇਸ ਤਰ੍ਹਾਂ ਉਸਾਰੀ ਅਧੀਨ ਘਰਾਂ ’ਤੇ ਹੁਣ ਜੀਐਸਟੀ 5 ਫੀਸਦੀ ਹੋਏਗੀ, ਜੋ ਪਹਿਲਾਂ 12 ਫੀਸਦੀ ਸੀ।
ਜੀਐਸਟੀ ਕੌਂਸਲ ਮੁਤਾਬਕ ਮੈਟਰੋ ਸ਼ਹਿਰਾਂ ਵਿੱਚ 60 ਵਰਗ ਮੀਟਰ ਕਾਰਪੈਟ ਏਰੀਆ ਜਾਂ 45 ਲੱਖ ਦੀ ਕੀਮਤ ਵਾਲੇ ਮਕਾਨ ਆਉਣਗੇ। ਗੈਰ ਮੈਟਰੋ ਸ਼ਹਿਰਾਂ ਵਿੱਚ ਇਹ 90 ਵਰਗ ਮੀਟਰ ਹੋਏਗਾ, ਯਾਨੀ 90 ਮੀਟਰ ਕਾਰਪੈਟ ਏਰੀਆ ਤੇ 45 ਲੱਖ ਰੁਪਏ ਤਕ ਦੇ ਘਰ ਹੋਣਗੇ।
ਕਾਬਲੇਗੌਰ ਹੈ ਕਿ ਜੀਐਸਟੀ ਦੀਆਂ ਨਵੀਆਂ ਦਰਾਂ ਪਹਿਲੀ ਅਪ੍ਰੈਲ ਤੋਂ ਲਾਗੂ ਹੋਣਗੀਆਂ। ਖ਼ਾਸ ਗੱਲ ਇਹ ਹੈ ਕਿ ਜੀਐਸਟੀ ਦੀਆਂ ਘਟੀਆਂ ਦਰਾਂ ਉਨ੍ਹਾਂ ਮਕਾਨਾਂ ਲਈ ਵੀ ਲਾਗੂ ਹੋਣਗੀਆਂ, ਜਿਨ੍ਹਾਂ ਦੀਆਂ ਕਿਸ਼ਤਾਂ ਹਾਲੇ ਬਚੀਆਂ ਹੋਈਆਂ ਹਨ।