ਅਹਿਮਦਾਬਾਦ: ਗਰਮੀ ਨਾਲ ਨਜਿੱਠਣ ਤੇ ਚੰਗੇ ਮੀਂਹ ਲਈ ਗੁਜਰਾਤ ਸਰਕਾਰ ਨੇ ਸੂਬੇ ਦੇ 33 ਜ਼ਿਲ੍ਹਿਆਂ ਵਿੱਚ 44 ਥਾਵਾਂ ’ਤੇ ਯੱਗ ਕਰਾਉਣ ਦਾ ਫ਼ੈਸਲਾ ਕੀਤਾ ਹੈ। 'ਟਾਈਮਜ਼ ਆਫ ਇੰਡੀਆ' ਦੀ ਖ਼ਬਰ ਮੁਤਾਬਕ ਬੀਜੇਪੀ ਦੀ ਵਿਜੈ ਰੁਪਾਣੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ 31 ਮਈ ਨੂੰ 33 ਜ਼ਿਲ੍ਹਿਆਂ ਵਿੱਚ ‘ਪਰਜਾਨਿਆ ਯੱਗ’ ਕਰਾਇਆ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਉਹ ਮੀਂਹ ਦੇ ਦੇਵਤਾ ਖ਼ੁਸ਼ ਕਰਨਗੇ ਜਿਸ ਨਾਲ ਸੂਬੇ ਵਿੱਚ ਮੀਂਹ ਪਵੇਗਾ।







ਯੱਗ ਕਰਨ ਦਾ ਫ਼ੈਸਲਾ ਬੁੱਧਵਾਰ ਨੂੰ ਕੀਤੀ ਗਈ ਕੈਬਨਿਟ ਮੀਟਿੰਗ ਵਿੱਚ ਕੀਤਾ ਗਿਆ। ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਕਿਹਾ ਕਿ ਭਗਵਾਨ ਤੋਂ ਚੰਗੇ ਮਾਨਸੂਨ ਦੀ ਕਾਮਨਾ ਲਈ ਸਰਕਾਰ ਨੇ 31 ਮਈ ਨੂੰ ਯੱਗ ਕਰਾਉਣ ਦਾ ਫ਼ੈਸਲਾ ਕੀਤਾ ਹੈ। ਯੱਗ 41 ਥਾਵਾਂ ’ਤੇ ਕੀਤਾ ਜਾਵੇਗਾ ਤੇ ਇਸ ਪਿੱਛੋਂ ਲੋਕਾਂ ਨੂੰ ਪ੍ਰਸ਼ਾਦ ਵੀ ਵੰਡਿਆ ਜਾਵੇਗਾ। ਮੁੱਖ ਮੰਤਰੀ ਵਿਜੈ ਰੁਪਾਣੀ ਸਣੇ ਰਾਜ ਮੰਤਰੀ ਤੇ ਹੋਰ ਸੀਨੀਅਰ ਅਧਿਕਾਰੀ ਇਸ ਯੱਗ ਵਿੱਚ ਸ਼ਾਮਲ ਹੋਣਗੇ। ਯੱਗ ਪਿੱਛੋਂ ਜਨਤਕ ਮੀਟਿੰਗ ਕੀਤੀ ਜਾਵੇਗੀ।



ਇਸ ਯੱਗ ਦੇ ਨਾਲ ਹੀ ਗੁਜਰਾਤ ਸਰਕਾਰ ਦੀ ਇੱਕ ਮਹੀਨੇ ਲੰਮੀ ‘ਸੁਜਲਮ ਸੁਫਲਮ ਜਲ ਅਭਿਆਨ’ ਦੀ ਸਮਾਪਤੀ ਕੀਤੀ ਜਾਵੇਗੀ। ਇਸ ਮੁਹਿੰਮ ਨਾਲ ਸੂਬੇ ਦੀਆਂ ਨਦੀਆਂ, ਤਲਾਬਾਂ, ਝੀਲਾਂ, ਨਹਿਰਾਂ ਤੇ ਪਾਣੀ ਦੇ ਹੋਰ ਸਰੋਤਾਂ ਨੂੰ ਮਾਨਸੂਨ ਸੀਜ਼ਨ ਤੋਂ ਪਹਿਲਾਂ ਹੋਰ ਡੂੰਗਾ ਕੀਤਾ ਜਾ ਰਿਹਾ ਸੀ ਇਨ੍ਹਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਮੀਂਹ ਦਾ ਪਾਣੀ ਇਕੱਠਾ ਕੀਤਾ ਜਾ ਸਕੇ।






ਗੁਜਰਾਤ ਵਿੱਚ ਇਸ ਸਮੇਂ ਪਾਣੀ ਦੀ ਵੱਡੀ ਸਮੱਸਿਆ ਚੱਲ ਰਹੀ ਹੈ। ਇਸ ਵੇਲੇ ਸੂਬੇ ਦੇ 204 ਬੰਨ੍ਹਾਂ ਵਿੱਚ ਸਿਰਫ਼ 29 ਫ਼ੀਸਦੀ ਪਾਣੀ ਹੀ ਬਚਿਆ ਹੈ। ਬੰਨ੍ਹਾਂ ਦੀ ਕੁੱਲ ਸਮਰਥਾ 25,227 ਮਿਲੀਅਨ ਕਿਊਬਿਕ ਮੀਟਰ ਹੈ। ਜੇ ਪਾਣੀ ਦੀ ਸਮੱਸਿਆ ਦਾ ਜਲਦੀ ਹੱਲ ਨਹੀਂ ਕੀਤਾ ਗਿਆ ਤਾਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਸਰਕਾਰ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।






ਦੱਸਿਆ ਜਾਂਦਾ ਹੈ ਕਿ ਇਸੀ ਸਾਲ ਮਾਰਚ ਦੇ ਮਹੀਨੇ ਮੇਰਠ ਵਿੱਚ ਪ੍ਰਦੂਸ਼ਣ ਰੋਕਣ ਲਈ 350 ਬਾਹਮਣਾਂ ਨੇ 500 ਕੁੰਤਲ ਦੀਆਂ ਲੱਕੜਾਂ ਨਾਲ ਯੱਗ ਕੀਤਾ ਸੀ।  ਯੱਗ ਵਿੱਚ 500 ਕੁੰਤਲ ਅੰਬ ਦੀਆਂ ਲੱਕੜਾਂ ਸਾੜੀਆਂ ਗਈਆਂ। ਏਨੀ ਵੱਡੀ ਗਿਣਤੀ ਵਿੱਚ ਲੱਕੜਾਂ ਸਾੜਨਾ ਵਾਤਾਵਰਨ ਲਈ ਬੇਹੱਦ ਹਾਨੀਕਾਰਕ ਹੈ ਪਰ ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਮਾਮਲੇ ਵਿੱਚ ਕਿਸੀ ਵੀ ਤਰ੍ਹਾਂ ਦਾ ਦਖ਼ਲ ਦੇਣੋਂ ਸਾਫ਼ ਇਨਕਾਰ ਕਰ ਦਿੱਤਾ ਸੀ।