ਜੰਮੂ: ਜੰਮੂ ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਪਰਿਸ਼ਦ (DCC) ਦੀਆਂ 280 ਸੀਟਾਂ 'ਤੇ ਹੋਈਆਂ ਚੋਣਾਂ ਲਈ ਗਿਣਤੀ ਜਾਰੀ ਹੈ। ਤਾਜ਼ਾ ਅਪਡੇਟ ਅਨੁਸਾਰ, ਪੀਪਲਜ਼ ਅਲਾਇੰਸ ਫਾਰ ਗੁਪਕਾਰ ਡੈਕਲਾਰੇਸ਼ਨ (PAGD) ਨੇ ਦੋ ਸੀਟਾਂ ਜਿੱਤੀ ਲਈਆਂ ਹਨ 80 ਸੀਟਾਂ ਤੋਂ ਬੜਤ ਹਾਸਲ ਕੀਤੀ ਹੋਈ ਹੈ। ਉਧਰ ਭਾਜਪਾ 48 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਕਾਂਗਰਸ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਨੇ ਇੱਕ ਸੀਟ ਜਿੱਤੀ ਹੈ ਜਦੋਂਕਿ 18 ਸੀਟਾਂ ਤੋਂ ਅੱਗੇ ਚੱਲ ਰਹੀ ਹੈ।


ਇਸ ਦੇ ਨਾਲ ਹੀ ਆਪਣੀ ਪਾਰਟੀ ਵੀ ਇੱਕ ਸੀਟ ‘ਤੇ ਕਬਜ਼ਾ ਕਰ ਚੁੱਕੀ ਹੈ ਤੇ ਉਸ ਨੂੰ ਚਾਰ ਸੀਟਾਂ 'ਤੇ ਬੜ੍ਹਤ ਹਾਸਲ ਹੈ। ਆਜ਼ਾਦ ਉਮੀਦਵਾਰ 38 ਸੀਟਾਂ 'ਤੇ ਅੱਗੇ ਚੱਲ ਰਹੇ ਹਨ।

ਦੱਸ ਦੇਈਏ ਕਿ ਜੰਮੂ ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਇੱਥੇ ਪਹਿਲੀ ਵਾਰ ਚੋਣਾਂ ਹੋਈਆਂ ਹਨ। ਗੁਪਕਾਰ ਸਮੂਹ ਦੇ ਅਧੀਨ 6 ਪਾਰਟੀਆਂ ਨੇ ਸਾਂਝੇ ਤੌਰ 'ਤੇ ਚੋਣ ਲੜੀ ਹੈ। ਜੰਮੂ ਕਸ਼ਮੀਰ ਵਿੱਚ DCC ਦੀਆਂ 280 ਸੀਟਾਂ, 234 ਵਾਰਡਾਂ ਤੇ ਪੰਚ-ਸਰਪੰਚ ਦੀਆਂ 12,153 ਸੀਟਾਂ ਲਈ 8 ਪੜਾਵਾਂ ਵਿੱਚ ਚੋਣਾਂ ਹੋਈਆਂ। ਇਸ ਦੌਰਾਨ 51% ਵੋਟਿੰਗ ਵੀ ਹੋਈ।ਪਹਿਲੇ ਪੜਾਅ 'ਤੇ 28 ਨਵੰਬਰ ਨੂੰ ਵੋਟਾਂ ਪਈਆਂ ਸੀ, ਜਦੋਂਕਿ 8ਵੇਂ ਤੇ ਆਖਰੀ ਪੜਾਅ ਲਈ 19 ਦਸੰਬਰ ਨੂੰ ਵੋਟਾਂ ਪਈਆਂ ਸੀ।

ਜੰਮੂ ਕਸ਼ਮੀਰ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ, ਜਦੋਂ 6 ਵੱਡੀਆਂ ਪਾਰਟੀਆਂ ਨੇ ਮਿਲ ਕੇ ਚੋਣ ਲੜੀ ਹੈ। ਧਾਰਾ 370 ਨੂੰ ਹਟਾਉਣ ਤੋਂ ਬਾਅਦ, ਇਨ੍ਹਾਂ ਪਾਰਟੀਆਂ ਨੇ ਇੱਕ ਗੁਪਕਾਰ ਗੱਠਜੋੜ ਬਣਾਇਆ ਹੈ। ਇਸ ਵਿੱਚ ਡਾ. ਫਾਰੂਕ ਅਬਦੁੱਲਾ ਦੀ ਅਗਵਾਈ ਵਾਲੀ ਨੈਸ਼ਨਲ ਕਾਨਫ਼ਰੰਸ, ਮਹਿਬੂਬਾ ਮੁਫਤੀ ਦੀ ਪੀਡੀਪੀ ਤੋਂ ਇਲਾਵਾ ਸੱਜਾਦ ਗਨੀ ਲੋਨ ਦੀ ਪੀਪਲਜ਼ ਕਾਨਫਰੰਸ, ਅਵਾਮੀ ਨੈਸ਼ਨਲ ਕਾਨਫਰੰਸ, ਜੰਮੂ-ਕਸ਼ਮੀਰ ਪੀਪਲਜ਼ ਮੂਵਮੈਂਟ ਤੇ ਸੀਪੀਆਈ-ਐਮ ਦੀ ਸਥਾਨਕ ਇਕਾਈ ਸ਼ਾਮਲ ਹੈ।

ਇਸ ਦੇ ਨਾਲ ਹੀ ਭਾਜਪਾ ਤੇ ਕਾਂਗਰਸ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸੀ। ਮੌਜੂਦਾ ਰਾਜਨੀਤਕ ਸਮੀਕਰਣਾਂ ਅਨੁਸਾਰ, ਕਸ਼ਮੀਰ ਵਿੱਚ ਗੁਪਕਾਰ ਗੱਠਜੋੜ ਮਜ਼ਬੂਤ ਹੈ, ਉਧਰ ਜੰਮੂ ਵਿੱਚ ਭਾਜਪਾ ਦੀ ਸਥਿਤੀ ਕਾਫ਼ੀ ਮਜ਼ਬੂਤ ਹੈ। ਇਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਨਵੰਬਰ-ਦਸੰਬਰ 2018 ਵਿੱਚ ਹੋਈਆਂ ਸੀ।