H3N2 Virus:  H3N2 ਇਨਫਲੂਐਂਜ਼ਾ ਵਾਇਰਸ ਨਾਲ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ। ਇਹ ਮੌਤ ਕਰਨਾਟਕ ਦੇ ਹਸਨ ਵਿੱਚ ਹੋਈ ਹੈ। ਬਜ਼ੁਰਗ H3N2 ਵਾਇਰਸ ਨਾਲ ਪੀੜਤ ਸੀ ਜਿਸ ਦੀ ਮੌਤ ਹੋ ਗਈ ਹੈ। ਕਰਨਾਟਕਾ ਦੇ ਸਿਹਤ ਵਿਭਾਗ ਦੇ ਕਮਿਸ਼ਨਰ ਰਣਦੀਪ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੁਖਾਰ, ਜ਼ੁਕਾਮ ਤੇ ਗਲੇ ਦੀ ਸਮੱਸਿਆ ਤੋਂ ਪੀੜਤ 85 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। 


ਹਾਸਲ ਜਾਣਕਾਰੀ ਮੁਤਾਬਕ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ H3N2 ਵਾਇਰਸ ਪਹਿਲਾਂ ਹੀ ਵਧ ਗਿਆ ਹੈ। ਰਾਜ ਵਿੱਚ 50 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ ਤੇ ਹਸਨ ਵਿੱਚ ਛੇ ਲੋਕਾਂ ਦੇ H3N2 ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਨੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਤੇ ਨਿਗਰਾਨੀ ਰੱਖਣ ਲਈ ਕਦਮ ਚੁੱਕੇ ਹਨ। 


ਕਮਿਸ਼ਨਰ ਰਣਦੀਪ ਨੇ ਇਸ ਪਹਿਲੀ ਮੌਤ ਦਾ ਆਡਿਟ ਕਰਵਾਉਣ ਦੀ ਸਲਾਹ ਦਿੱਤੀ ਤੇ ਜਿਨ੍ਹਾਂ ਨੇ ਸਵੈ-ਸਹਾਇਤਾ ਇਲਾਜ ਨਹੀਂ ਕਰਵਾਇਆ, ਉਨ੍ਹਾਂ ਨੂੰ ਡਾਕਟਰ ਦੀ ਸਲਾਹ ਲੈਣੀ ਦੀ ਹਦਾਇਤ ਦਿੱਤੀ ਹੈ।


ਹਸਨ ਜ਼ਿਲ੍ਹੇ ਦੇ ਅਲੂਰ ਵਿੱਚ ਇੱਕ ਬਜ਼ੁਰਗ ਖੰਘ, ਗਲੇ ਵਿੱਚ ਖਰਾਸ਼ ਤੋਂ ਪੀੜਤ ਸੀ। ਉਸ ਦੀ 1 ਮਾਰਚ ਨੂੰ ਅਲੂਰ ਵਿੱਚ ਮੌਤ ਹੋ ਗਈ ਸੀ। ਸਾਵਧਾਨੀ ਵਜੋਂ ਮ੍ਰਿਤਕ ਵਿਅਕਤੀ ਦੇ ਪਿੰਡ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। 


ਦੱਸ ਦਈਏ ਕਿ ਕੋਵਿਡ ਤੋਂ ਬਾਅਦ, ਵਾਇਰਸ ਦੀਆਂ ਉਪ-ਪ੍ਰਜਾਤੀਆਂ ਨੇ ਚਿੰਤਾ ਵਧਾ ਦਿੱਤੀ ਹੈ। ਪਹਿਲਾਂ ਹੀ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ H3N2 ਵਾਇਰਸ ਵਧਦਾ ਜਾ ਰਿਹਾ ਹੈ ਤੇ ਪਹਿਲੀ ਮੌਤ ਹਸਨ ਜ਼ਿਲ੍ਹੇ ਵਿੱਚ ਹੋਈ ਹੈ। ਇਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉੱਚ ਪੱਧਰੀ ਮੀਟਿੰਗ ਵਿੱਚ ਸੂਬਾ ਸਰਕਾਰ ਵੱਲੋਂ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।


ਹਾਸਲ ਜਾਣਕਾਰੀ ਮੁਤਾਬਕ H3N2 ਵਾਇਰਸ ਨਾਲ ਲਾਗ ਘੱਟੋ-ਘੱਟ 5 ਤੋਂ 7 ਦਿਨਾਂ ਤੱਕ ਰਹਿੰਦੀ ਹੈ। ਗਰਭਵਤੀ ਔਰਤਾਂ, ਬੱਚੇ ਤੇ ਬਜ਼ੁਰਗ ਇਨਫੈਕਸ਼ਨ ਲਈ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ। 15 ਤੋਂ 65 ਸਾਲ ਦੀ ਉਮਰ ਦੇ ਲੋਕਾਂ ਨੂੰ ਸੰਕਰਮਿਤ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਸ ਲਈ, ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਇਸ ਉਮਰ ਵਰਗ ਦੇ ਲੋਕਾਂ ਤੇ ਹਰ ਕਿਸੇ ਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ।