ਸ਼ਿਮਲਾ: ਸੈਲਾਨੀਆਂ ਦੀ ਸਹੂਲਤ ਲਈ ਚੰਡੀਗੜ੍ਹ ਤੋਂ ਸ਼ਿਮਲਾ ਲਈ ਹਵਾਈ ਉਡਾਣ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨੂੰ ਹੈਲੀ ਟੈਕਸੀ ਦਾ ਨਾਂ ਦਿੱਤਾ ਗਿਆ ਹੈ। ਹਫ਼ਤੇ 'ਚ ਦੋ ਦਿਨ ਸ਼ੁੱਕਰਵਾਰ ਤੇ ਸੋਮਵਾਰ ਨੂੰ ਇਹ ਸੇਵਾ ਉਪਲੱਬਧ ਹੋਵੇਗੀ। ਹੈਲੀ ਟੈਕਸੀ 'ਤੇ 3000 ਰੁਪਏ 'ਚ ਯਾਤਰੀ ਸਿਰਫ਼ 20 ਮਿੰਟ 'ਚ ਹੀ ਚੰਡੀਗੜ੍ਹ ਤੋਂ ਸ਼ਿਮਲਾ ਤੱਕ ਦਾ ਸਫ਼ਰ ਤਹਿ ਕਰ ਸਕਣਗੇ।

ਜ਼ਿਕਰਯੋਗ ਹੈ ਕਿ ਸ਼ਿਮਲਾ ਦੇ ਜੁੱਬੜਹੱਟੀ ਹਵਾਈ ਅੱਡੇ ਤੋਂ 18 ਸੀਟਾਂ ਵਾਲਾ ਹੈਲੀਕਾਪਟਰ ਸਵੇਰੇ 8 ਵਜੇ ਚੰਡੀਗੜ੍ਹ ਲਈ ਉਡਾਣ ਭਰੇਗਾ ਜਦਕਿ ਚੰਡੀਗੜ੍ਹ ਤੋਂ ਸ਼ਿਮਲਾ ਲਈ ਸਵੇਰੇ 9 ਵਜੇ ਹੈਲੀਕਾਪਟਰ ਰਵਾਨਾ ਹੋਵੇਗਾ। ਦੱਸ ਦਈਏ ਕਿ ਸ਼ਿਮਲਾ ਤੋਂ ਜੁੱਬੜਹੱਟੀ ਹਵਾਈ ਅੱਡੇ ਤੱਕ ਯਾਤਰੀਆਂ ਨੂੰ ਲੈ ਕੇ ਜਾਣ ਲਈ ਸੂਬਾ ਸੈਰ-ਸਪਾਟਾ ਵਿਕਾਸ ਨਿਗਮ ਦੀ ਬੱਸ ਉਪਲੱਬਧ ਹੋਵੇਗੀ ਜਿਸਦਾ ਵੱਖਰੇ ਤੌਰ 'ਤੇ 200 ਰੁਪਇਆ ਪ੍ਰਤੀ ਯਾਤਰੀ ਕਿਰਾਇਆ ਹੋਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ-ਮੰਤਰੀ ਜੈ ਰਾਮ ਠਾਕੁਰ ਨੇ ਦੱਸਿਆ ਕਿ ਸੂਬੇ 'ਚ ਪਹਿਲੇ ਗੇੜ 'ਚ ਸ਼ੁਰੂ ਕੀਤੀ ਜਾਣ ਵਾਲੀ ਇਸ ਹੈਲੀ ਟੈਕਸੀ ਲਈ ਮੁੱਖ ਮੰਤਰੀ ਦੇ ਹੈਲੀਕਾਪਟਰ ਦੀ ਵਰਤੋਂ ਕੀਤੀ ਜਾਵੇਗੀ। ਜੇਕਰ ਇਹ ਪ੍ਰਯੋਗ ਸਫਲ ਸਿੱਧ ਹੋਵੇਗਾ ਤਾਂ ਇਸ ਸੇਵਾ ਨੂੰ ਨਿਯਮਿਤ ਰੂਪ 'ਚ ਚਾਲੂ ਕੀਤਾ ਜਾਵੇਗਾ।