ਨਵੀਂ ਦਿੱਲੀ: #MeToo ਅੰਦੋਲਨ 'ਤੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ਕਿਸੇ ਵੀ ਕਿਸਮ ਦੇ ਜਿਣਸੀ ਅਪਰਾਧ, ਚਾਹੇ ਉਹ ਕਿੰਨਾ ਵੀ ਪੁਰਾਣਾ (10 ਤੋਂ 15 ਸਾਲ) ਕਿਉਂ ਨਾ ਹੋਏ, ਉਸ ਮਾਮਲੇ ਦੀ ਸ਼ਿਕਾਇਤ ਦਰਜ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਕਾਨੂੰਨ ਮੰਤਰਾਲੇ ਨੂੰ ਪੱਤਰ ਵੀ ਲਿਖਿਆ ਹੈ ਕਿ ਉਹ ਇਸ ਤਰ੍ਹਾਂ ਦੇ ਕਾਨੂੰਨ ਦਾ ਪ੍ਰਬੰਧ ਕਰਨ ਜਿਸ ਵਿੱਚ ਪੁਰਾਣੇ ਮਾਮਲਿਆਂ ਵਿੱਚ ਵੀ ਆਸਾਨੀ ਨਾਲ ਸ਼ਿਕਾਇਤ ਦਰਜ ਕੀਤੀ ਜਾ ਸਕੇ। ਮੇਨਕਾ ਗਾਂਧੀ ਨੇ ਕਿਹਾ ਕਿ ਸਮਾਂ ਬੀਤਣ ਨਾਲ ਔਰਤਾਂ ਉਨ੍ਹਾਂ ਨਾਲ ਹੋਏ ਦੁਰਵਿਵਹਾਰ ਨੂੰ ਭੁੱਲ ਨਹੀਂ ਜਾਂਦੀਆਂ।
ਉਨ੍ਹਾਂ ਦੇਸ਼ ਵਿੱਚ #MeToo ਅੰਦੋਲਨ ਸ਼ੁਰੂ ਹੋਣ ’ਤੇ ਖ਼ੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਸਹੀ ਦਿਸ਼ਾ ਵਿੱਚ ਜਾਣ ਦੀ ਜ਼ਰੂਰਤ ਹੈ। ਅਜਿਹਾ ਨਾ ਹੋਏ ਕਿ ਇਸ ਦੀ ਵਰਤੋਂ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾਣ ਲੱਗੇ ਜਿਨ੍ਹਾਂ ਕਿਸੇ ਨੂੰ ਕਿਸੇ ਵੀ ਤਰੀਕੇ ਦੀ ਚੋਟ ਪਹੁੰਚਾਉਣ ਦੀ ਕੋਸ਼ਿਸ਼ ਹੋਏ। ਕੇਂਦਰ ਮੰਤਰੀ ਮੇਨਕਾ ਨੇ ਕਿਹਾ ਕਿ ਸਰਕਾਰ ਨੇ ਔਰਤਾਂ ਨੂੰ ਸਮਰੱਥ ਬਣਾਉਣ ਲਈ ਕਈ ਕਦਮ ਚੁੱਕੇ ਹਨ।
‘ਸ਼ੀ ਬਾਕਸ’ ਜ਼ਰੀਏ ਦਰਜ ਕਰੋ ਸ਼ਿਕਾਇਤ
ਉਨ੍ਹਾਂ ਜਾਣਕਾਰੀ ਦਿੱਤੀ ਕਿ ‘ਸ਼ੀ ਬਾਕਸ’ ਜ਼ਰੀਏ ਜਿਨ੍ਹਾਂ ਵੀ ਮਹਿਲਾਵਾਂ ਨੇ ਸ਼ਿਕਾਇਤ ਕੀਤੀ, ਚਾਹੇ ਉਹ ਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਹੋਣ ਜਾਂ ਅਸੰਗਠਿਤ ਖੇਤਰ ਵਿੱਚ, ਹਰ ਮਹਿਲਾ ਨੂੰ ਇਸ ਦੇ ਅਧੀਨ ਸ਼ਿਕਾਇਤ ਦਰਜ ਕਰਨ ਲਈ ਮਦਦ ਕੀਤੀ ਗਈ। ਉਨ੍ਹਆਂ ਕਿਹਾ ਕਿ ਕਿਤੇ ਵੀ ਕੰਮ ਕਰਨ ਵਾਲੀ ਕੋਈ ਵੀ ਮਹਿਲਾ ‘ਸ਼ੀ ਬਾਕਸ’ ਰਾਹੀਂ ਸ਼ਿਕਾਇਤ ਕਰ ਸਕਦੀ ਹੈ। ਇਹ ਸ਼ਿਕਾਇਤ ਸਿੱਧੇ ਸਬੰਧਿਤ ਵਿਭਾਗ ਨੂੰ ਭੇਜੀ ਜਾਂਦੀ ਹੈ ਤੇ ਗਲਤ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ।