ਗਾਂਧੀਨਗਰ: ਪਾਟੀਦਾਰ ਨੇਤਾ ਹਾਰਦਿਕ ਪਟੇਲ ਦੀ ਸੈਕਸ ਸੀਡੀ ਸਾਹਮਣੇ ਆਉਣ ਤੋਂ ਬਾਅਦ ਦਲਿਤ ਲੀਡਰ ਹਾਰਦਿਕ ਦੇ ਹੱਕ 'ਚ ਖੜ੍ਹੇ ਹੋ ਗਏ ਹਨ। ਦਲਿਤ ਲੀਡਰ ਜਿਗਨੇਸ਼ ਮੇਵਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਸੈਕਸ ਇੱਕ ਬੁਨਿਆਦੀ ਅਧਿਕਾਰ ਹੈ ਤੇ ਕਿਸੇ ਨੂੰ ਵੀ ਕਿਸੇ ਦੀਆਂ ਨਿੱਜੀ ਗੱਲਾਂ ਨੂੰ ਜੱਗ-ਜ਼ਾਹਰ ਕਰਨ ਦਾ ਹੱਕ ਨਹੀਂ।
ਜਿਗਨੇਸ਼ ਨੇ ਟਵੀਟ ਕੀਤਾ, "ਪਿਆਰੇ ਹਾਰਦਿਕ ਪਟੇਲ, ਚਿੰਤਾ ਨਾ ਕਰੋ। ਮੈਂ ਤੁਹਾਡੇ ਨਾਲ ਹਾਂ ਤੇ ਸੈਕਸ ਕਰਨ ਦਾ ਅਧਿਕਾਰ ਇੱਕ ਬੁਨਿਆਦੀ ਅਧਿਕਾਰ ਹੈ। ਕਿਸੇ ਨੂੰ ਤੁਹਾਡੇ ਨਿੱਜੀ ਹੱਕ 'ਚ ਦਖਲ ਦੇਣ ਦਾ ਹੱਕ ਨਹੀਂ ਹੈ।" ਗੁਜਰਾਤ ਚੋਣਾਂ ਤੋਂ ਇੱਕ ਮਹੀਨੇ ਪਹਿਲਾਂ ਲੀਕ ਹੋਈ ਹਾਰਦਿਕ ਪਟੇਲ ਦੀ ਕਥਿਤ ਸੈਕਸ ਸੀਡੀ ਚਰਚਾ 'ਚ ਹੈ। ਹਾਰਦਿਕ ਪਟੇਲ ਨੇ ਕਿਹਾ ਕਿ ਇਹ ਬੀਜੇਪੀ ਦੇ ਇਸ਼ਾਰੇ 'ਤੇ ਲੀਕ ਕੀਤੀ ਗਈ ਹੈ।
24 ਸਾਲ ਦੇ ਪਾਟੀਦਾਰ ਨੇਤਾ ਨੇ ਕਿਹਾ, "ਇਹ ਗੰਦੀ ਰਾਜਨੀਤੀ ਦੀ ਸ਼ੁਰੂਆਤ ਹੈ ਤੇ ਭਾਜਪਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਬਦਨਾਮ ਕਰਨ ਲਈ ਅਜਿਹੀਆਂ ਸਾਜ਼ਿਸ਼ਾਂ ਰਚ ਰਹੀ ਹੈ। ਕੁਝ ਦਿਨ ਪਹਿਲਾਂ ਮੈਂ ਮੀਡੀਆ ਨੂੰ ਕਿਹਾ ਸੀ ਕਿ ਅਜਿਹੀਆਂ ਸੀਡੀਜ਼ ਵਰਤੀਆਂ ਜਾਣਗੀਆਂ। ਇਹ ਸਿਰਫ ਗੰਦੀ ਰਾਜਨੀਤੀ ਦੀ ਸ਼ੁਰੂਆਤ ਹੈ। ਮੈਨੂੰ ਯਕੀਨ ਹੈ ਕਿ ਭਾਜਪਾ ਦੇ ਲੋਕ ਕੁਝ ਹੋਰ ਸੀਡੀ ਵਰਤ ਸਕਦੇ ਹਨ ਪਰ ਮੈਂ ਇਨ੍ਹਾਂ ਤੋਂ ਚਿੰਤਤ ਨਹੀਂ ਹਾਂ।" ਹਾਰਦਿਕ ਪਟੇਲ ਨੇ ਕਿਹਾ, "ਆਉਣ ਵਾਲੇ ਦਿਨਾਂ 'ਚ ਮੈਂ ਬੇਕਸੂਰ ਸਾਬਤ ਹੋਵਾਂਗਾ। ਭਾਜਪਾ ਮੈਨੂੰ ਜਿਨ੍ਹਾਂ ਮਰਜ਼ੀ ਬਦਨਾਮ ਕਰਨ ਦੀ ਕੋਸ਼ਿਸ਼ ਕਰ ਲਵੇ ਮੈਨੂੰ ਫਰਕ ਨਹੀਂ ਪੈਂਦਾ।"