Farmers Protest: ਕੀ ਡਿੱਗ ਜਾਵੇਗੀ ਹਰਿਆਣਾ ਦੀ ਖੱਟਰ ਸਰਕਾਰ? ਅਸਤੀਫੇ ਨੂੰ ਲੈਕੇ ਚੌਟਾਲਾ ਨੇ ਕਹੀ ਵੱਡੀ ਗੱਲ
ਕਿਸਾਨਾਂ ਦੇ ਇਕ ਵਰਗ ਵੱਲੋਂ ਸੂਬੇ ਦੀ ਬੀਜੇਪੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਲਈ ਕੀਤੀ ਜਾ ਰਹੀ ਅਪੀਲ ਸਬੰਧੀ ਕੀਤੇ ਸਵਾਲ ਤੇ ਚੌਟਾਲਾ ਨੇ ਕਿਹਾ, ਕੋਈ ਦਬਾਅ ਨਹੀਂ ਹੈ ਅਸੀਂ ਬਹੁਤ ਹੀ ਸਥਿਰ ਤਰੀਕੇ ਨਾਲ ਸਰਕਾਰ ਚਲਾ ਰਹੇ ਹਾਂ।
Farmer Protest: ਦੇਸ਼ 'ਚ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਪਿਛਲੇ ਇਕ ਮਹੀਨੇ ਤੋਂ ਕਿਸਾਨ ਅੰਦੋਲਨ ਜਾਰੀ ਹੈ। ਕਿਸਾਨ ਕਈ ਵਾਰ ਹਰਿਆਣਾ ਦੇ ਉਪ-ਮੁੱਖ ਮੰਤਰੀ ਤੇ ਜਨਨਾਇਕ ਜਨਤਾ ਪਾਰਟੀ ਦੇ ਪ੍ਰਧਾਨ ਦੁਸ਼ਿਅੰਤ ਚੌਟਾਲਾ 'ਤੇ ਅਸਤੀਫਾ ਦੇਣ ਦਾ ਦਬਾਅ ਬਣਾ ਚੁੱਕੇ ਹਨ। ਇਸ ਦਰਮਿਆਨ ਹੁਣ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਜਿਸ ਦਿਨ ਉਨ੍ਹਾਂ ਨੂੰ ਲੱਗੇਗਾ ਕਿ ਉਹ ਹਰਿਆਣਾ 'ਚ ਘੱਟੋ ਘਟ ਸਮਰਥਨ ਮੁੱਲ ਤੈਅ ਕਰਨ 'ਚ ਅਸਮਰੱਥ ਹੈ ਤਾਂ ਉਸ ਦਿਨ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਸੂਬੇ 'ਚ ਖੱਟਰ ਸਰਾਕਰ ਜੇਜੇਪੀ ਦੇ ਸਮਰਥਨ ਨਾਲ ਚੱਲ ਰਹੀ ਹੈ।
ਕਿਸਾਨਾਂ ਦੇ ਇਕ ਵਰਗ ਵੱਲੋਂ ਸੂਬੇ ਦੀ ਬੀਜੇਪੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਲਈ ਕੀਤੀ ਜਾ ਰਹੀ ਅਪੀਲ ਸਬੰਧੀ ਕੀਤੇ ਸਵਾਲ ਤੇ ਚੌਟਾਲਾ ਨੇ ਕਿਹਾ, ਕੋਈ ਦਬਾਅ ਨਹੀਂ ਹੈ ਅਸੀਂ ਬਹੁਤ ਹੀ ਸਥਿਰ ਤਰੀਕੇ ਨਾਲ ਸਰਕਾਰ ਚਲਾ ਰਹੇ ਹਾਂ। ਚੌਟਾਲਾ ਨੇ ਕਿਸਾਨਾਂ ਨੂੰ ਠੋਸ ਸੁਝਾਅ ਦੇਣ ਦੀ ਅਪੀਲ ਕੀਤੀ
ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਕੇਂਦਰ ਦੇ ਨਵੇਂ ਕਾਨੂੰਨਾਂ 'ਚ ਕਈ ਸੋਧਾਂ ਦੀ ਲੋੜ ਹੈ। ਉਨ੍ਹਾਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਠੋਸ ਸੁਝਾਅ ਦੇਣ ਦੀ ਅਪੀਲ ਕੀਤੀ। ਉਪ ਮੁੱਖ ਮੰਤਰੀ ਨੇ ਕਿਹਾ, ਮੇਰਾ ਮੰਨਣਾ ਹੈ ਕਿ ਕਾਨੂੰਨਾਂ 'ਚ ਕਈ ਸੋਧਾਂ ਹੋਣੀਆਂ ਚਾਹੀਦੀਆਂ ਹਨ। ਇਸ 'ਤੇ ਅਸੀਂ ਪਹਿਲਾਂ ਕੇਂਦਰ ਸਰਕਾਰ ਨੂੰ ਕਈ ਸੁਝਾਅ ਦਿੱਤੇ ਹਨ ਤੇ ਉਹ ਵੀ ਕਈ ਸੁਝਾਵਾਂ 'ਤੇ ਸਹਿਮਤ ਸਨ। ਮੇਰੇ ਖਿਆਲ ਨਾਲ ਕੇਂਦਰ ਸਰਕਾਰ ਉਨ੍ਹਾਂ ਸੋਧਾਂ ਨੂੰ ਸ਼ਾਮਲ ਕਰਨ ਲਈ ਤਿਆਰ ਹੈ।
ਉਪ ਮੁੱਖ ਮੰਤਰੀ ਨੇ ਕਿਹਾ ਜੇਕਰ ਕਿਸਾਨਾਂ ਨੂੰ ਲੱਗਦਾ ਹੈ ਤਾਂ ਕਾਨੂੰਨਾਂ 'ਚ ਹੋਰ ਸੋਧ ਜਾਂ ਬਦਲਾਅ ਦੀ ਲੋੜ ਹੈ ਤਾਂ ਮੈਂ ਵਿਚੋਲਗੀ ਕਰਨ ਦਾ ਇਛੁੱਕ ਹਾਂ। ਜੇਕਰ ਕੇਂਦਰ ਸਰਕਾਰ ਮੈਨੂੰ ਉਨ੍ਹਾਂ ਸੋਧਾਂ ਜਾਂ ਪਰਿਵਰਤਨਾਂ ਦੀ ਵਿਚੋਲਗੀ ਕਰਨ ਦੀ ਜ਼ਿੰਮੇਵਾਰੀ ਸੌਂਪਦੀ ਹੈ ਤਾਂ ਮੈਂ ਤਿਆਰ ਹਾਂ। ਇਕ ਸਵਾਲ ਦੇ ਜਵਾਬ 'ਚ ਚੌਟਾਲਾ ਨੇ ਕਿਹਾ ਕੇਂਦਰ ਸਰਕਾਰ ਵਾਰ-ਵਾਰ ਕਿਸਾਨ ਸੰਘਾਂ ਨੂੰ ਗੱਲਬਾਤ ਲਈ ਸੱਦਾ ਦੇ ਰਹੀ ਹੈ ਤੇ ਆਪਣੀ ਮੰਗ ਦੇ ਸਬੰਧ 'ਚ ਠੋਸ ਸੁਝਾਅ ਦੇਣ ਦੀ ਜ਼ਿੰਮੇਵਾਰੀ ਇਨ੍ਹਾਂ ਸੰਘਾਂ ਦੀ ਹੈ।
ਵਾਰਤਾ ਕਰ ਰਹੇ ਕਿਸਾਨ ਸੰਘਾਂ ਨੂੰ ਅੱਗੇ ਆਉਣਾ ਚਾਹੀਦਾ- ਚੌਟਾਲਾ
ਉਨ੍ਹਾਂ ਉਮੀਦ ਜਤਾਈ ਕਿ ਪ੍ਰਦਰਸ਼ਨਕਾਰੀ ਕਿਸਾਨ ਤਿੰਨ ਖੇਤੀ ਕਾਨੂੰਨਾਂ 'ਤੇ ਆਪਣੀਆਂ ਚਿੰਤਾਵਾਂ ਦੇ ਹੱਲ ਲਈ ਕੇਂਦਰ ਸਰਕਾਰ ਦੇ ਨਾਲ ਵਾਰਤਾ ਬਹਾਲ ਕਰਨਗੇ। ਚੌਟਾਲਾ ਨੇ ਕਿਹਾ, 'ਜਦੋਂ ਕੇਂਦਰ ਸਰਕਾਰ ਗੱਲਬਾਤ ਲਈ ਤਿਆਰ ਹੈ ਤਾਂ ਪਹਿਲਾਂ ਛੇ ਦੌਰ ਦੀ ਗੱਲਬਾਤ ਕਰ ਚੁੱਕੇ ਕਿਸਾਨ ਸੰਘਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਕੋਈ ਵੀ ਅੰਦੋਲਨ ਬਿਨਾਂ ਗੱਲਬਾਤ ਕਦੇ ਖਤਮ ਨਹੀਂ ਹੋਇਆ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ