ਚੰਡੀਗੜ੍ਹ: ਦੇਰ ਰਾਤ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਆਮ ਆਦਮੀ ਪਾਰਟੀ ਦੇ ਕਰੀਬ 50 ਲੀਡਰਾਂ ਨੂੰ ਰਾਤ ਦੇ ਕਰੀਬ ਇੱਕ ਵਜੇ ਉਨ੍ਹਾਂ ਦੇ ਘਰਾਂ ਤੋਂ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿੱਚੋਂ ਹਿਸਾਰ ਲੋਕ ਸਭਾ ਦੇ ਇੰਚਾਰਜ ਅਨੂਪ ਚਾਨੌਤ ਤੇ ਸੋਸ਼ਲ ਮੀਡੀਆ ਇੰਚਾਰਜ ਹਰਪਾਲ ਕ੍ਰਾਂਤੀ ਵੀ ਸ਼ਾਮਲ ਹਨ। ਇਨ੍ਹਾਂ ਲੀਡਰਾਂ ’ਤੇ ਸੀਐਮ ਮਨੋਹਰ ਲਾਲ ਖੱਟੜ ਦੇ ਬਿਆਨ ਸਬੰਧੀ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰਨ ਦੀ ਇਲਜ਼ਾਮ ਲੱਗਾ ਹੈ।
‘ਆਪ’ ਲੀਡਰਾਂ ਨੂੰ ਹਿਰਾਸਤ ਦੀ ਖ਼ਬਰ ਮਿਲਦਿਆਂ ਹੀ ਆਪ ਵਰਕਰ ਸਦਰ ਥਾਣਾ ਹਾਂਸੀ ਦੇ ਗੇਟ ਅੱਗੇ ਧਰਨੇ ’ਤੇ ਬੈਠ ਗਏ ਹਨ। ਉਨ੍ਹਾਂ ਚੇਤਾਵਨੀ ਦਿੱਤੀ ਜਦ ਤਕ ਲੀਡਰਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਹ ਧਰਨਾ ਨਹੀਂ ਚੁੱਕਣਗੇ। ਇਸ ਸਬੰਧੀ ਹਿਸਾਰ ਲੋਕ ਸਭਾ ਪ੍ਰਧਾਨ ਵਿਕ੍ਰਾਂਤ ਗੋਇਤ ਨੇ ਕਿਹਾ ਕਿ ਉਹ ਧਰਨਾ ਜਾਰੀ ਰੱਖਣਗੇ।
ਉਨ੍ਹਾਂ ਕਿਹਾ ਕਿ ਪਾਰਟੀ ਦੀ ਵਧ ਰਹੀ ਲੋਕ ਪ੍ਰਿਯਤਾ ਕਰਕੇ ਸਰਕਾਰ ਡਰ ਗਈ ਹੈ ਤੇ ਬੁਖ਼ਲਾਹਰਟ ਵਿੱਚ ‘ਆਪ’ ਵਰਕਰਾਂ ’ਤੇ ਪੁਲਿਸ ਕਾਰਵਾਈ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ। ਪੁਲਿਸ ਨੇ ਮੀਡੀਆ ਤੋਂ ਵੀ ਦੂਰੀ ਬਣਾ ਕੇ ਰੱਖੀ ਹੋਈ ਹੈ।