ਨਵੀਂ ਦਿੱਲੀ: ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ’ਤੇ ਬੀਤੇ ਕੱਲ੍ਹ ਤਿੱਖਾ ਨਿਸ਼ਾਨਾ ਲਾਇਆ ਸੀ ਜਿਸ ਲਈ ਹੁਣ ਉਹ ਉਸ ਨੂੰ ਮੁਆਫੀ ਮੰਗਣ ਲਈ ਆਖ ਰਹੇ ਹਨ। ਮਨੂ ਨੇ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਉਸ ਨੂੰ ਦਿੱਤੀ ਜਾਣ ਵਾਲੀ ਇਨਾਮੀ ਰਕਮ ਨਾ ਮਿਲਣ ’ਤੇ ਸਰਕਾਰ ਦੇ ਇਸ ਵਾਅਦੇ ਨੂੰ ‘ਜੁਮਲਾ’ ਕਰਾਰ ਦੇ ਦਿੱਤਾ ਸੀ। ਇਸ ਟਵੀਟ ਦੇ ਬਾਅਦ ਖੇਡ ਮੰਤਰੀ ਖਾਸੇ ਭੜਕ ਗਏ। ਉਨ੍ਹਾਂ ਮਨੂ ਦੇ ਟਵੀਟ ਨੂੰ ਘਟੀਆ ਤਕ ਕਹਿ ਦਿੱਤਾ।

ਅਨਿਲ ਵਿਜ ਨੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਮਨੂ ਭਾਕਰ ਨੂੰ ਜਨਤਕ ਪਲੇਟਫਾਰਮ ’ਤੇ ਸ਼ਿਕਾਇਤ ਕਰਨ ਤੋਂ ਪਹਿਲਾਂ ਖੇਡ ਵਿਭਾਗ ਤੋਂ ਪੁਸ਼ਟੀ ਕਰ ਲੈਣੀ ਚਾਹੀਦੀ ਸੀ। ਉਨ੍ਹਾਂ ਸਰਕਾਰ ਦੀ ਨਿੰਦਾ ਕਰਨ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਖਿਡਾਰੀਆਂ ਵਿੱਚ ਅਨੁਸ਼ਾਸਨ ਹੋਣਾ ਚਾਹੀਦਾ ਹੈ। ਭਾਕਰ ਨੂੰ ਵਿਵਾਦ ਖੜ੍ਹਾ ਕਰਨ ਲਈ ਮੁਆਫੀ ਮੰਗਣੀ ਚਾਹੀਦੀ ਹੈ। ਅਜੇ ਉਸ ਨੂੰ ਬਹੁਤ ਅੱਗੇ ਜਾਣਾ ਹੈ, ਇਸ ਲਈ ਉਸ ਨੂੰ ਸਿਰਫ ਖੇਡ ’ਤੇ ਹੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਭਾਕਰ ਨੂੰ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਬਦਲੇ ਦੋ ਕਰੋੜ ਰੁਪਏ ਇਨਾਮ ਵਜੋਂ ਦਿੱਤੇ ਜਾਣ ਦਾ ਐਲਾਨ ਸੀ ਪਰ ਇਹ ਇਨਾਮੀ ਰਾਸ਼ੀ ਉਸ ਨੂੰ ਹਾਲੇ ਤਕ ਨਹੀਂ ਮਿਲੀ।



ਦਰਅਸਲ, ਕੱਲ੍ਹ ਮਨੂ ਭਾਕਰ ਨੇ ਅਨਿਲ ਵਿੱਜ ਦੇ ਪੁਰਾਣੇ ਵਾਅਦੇ ਦਾ ਸਕ੍ਰੀਨ ਸ਼ੌਟ ਸ਼ੇਅਰ ਕੀਤਾ ਸੀ ਜਿਸ ਵਿੱਚ ਉਸ ਨੂੰ ਸੋਨ ਤਗ਼ਮਾ ਜਿੱਤਣ ਲਈ ਦੋ ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। ਮਨੂ ਨੇ ਇਸ ਸਬੰਧੀ ਮੰਤਰੀ ਨੂੰ ਪੁਸ਼ਟੀ ਕਰਨ ਲਈ ਕਿਹਾ ਸੀ ਕਿ ਇਹ ਵਾਅਦਾ ਸਹੀ ਹੈ ਜਾਂ ਇਹ ਵੀ ਸਿਰਫ ਇੱਕ ਜੁਮਲਾ ਹੀ ਸੀ। ਯਾਦ ਰਹੇ ਕਿ ਸਾਲ 2018 ਵਿੱਚ 16 ਸਾਲਾ ਮਨੂ ਭਾਕਰ ਨੇ ਯੁਵਾ ਓਲੰਪਿਕ ਵਿੱਚ ਸੋਨ ਤਗਮਾ ਜਿੱਤਿਆ ਸੀ।